ਪੰਜਾਬ ਸਰਕਾਰ, ਵਿਧਾਨ ਸਭਾ ਸੈਸ਼ਨ ਚ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਧਾਰਮਿਕ ਸ਼ਹਿਰ ਘੋਸ਼ਿਤ ਕਰੇ : ਜਥੇਦਾਰ ਕੁਲਦੀਪ ਸਿੰਘ ਗੜਗੱਜ

Jathedar Kuldeep Singh Gargajj : ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਧਾਰਮਿਕ ਕਾਰਜ ਕਰਵਾਉਣੇ ਸਰਕਾਰਾਂ ਦੇ ਕੰਮ ਨਹੀਂ ਹੁੰਦੇ, ਕਿਹਾ ਕਿ ਸਰਕਾਰ ਆਪਣੀ ਜ਼ਿੱਦ ਪੁਗਾਉਣ ਵਿੱਚ ਲੱਗੀ ਸੀ, ਇਸੇ ਕਰਕੇ ਬੇਅਦਬੀ ਦੀਆਂ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ।

By  KRISHAN KUMAR SHARMA November 23rd 2025 03:37 PM -- Updated: November 23rd 2025 03:55 PM

Jathedar Kuldeep Singh Gargajj : ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਵੱਖ-ਵੱਖ ਸਮਾਗਮ ਕਰਾਏ ਜਾ ਰਹੇ ਹਨ ਅਤੇ ਇਹਨਾਂ ਸਮਾਗਮਾਂ ਦੇ ਪਹਿਲੇ ਦਿਨ ਹੀ ਸੰਗਤਾਂ ਦਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੂਰਾ ਜਾਹੋ ਜਲਾਲ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸੱਜਦਾ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਹੀਰਾਂ ਘੱਤ ਕੇ ਪੁੱਜ ਰਹੀਆਂ ਹਨ।  ਉਹਨਾਂ ਦੱਸਿਆ ਕਿ 28 ਅਤੇ 29 ਤਰੀਕ ਨੂੰ ਮੁੱਖ ਸਮਾਗਮ ਕਰਵਾਏ ਜਾਣੇ ਹਨ ਇਹਨਾਂ ਸਮਾਗਮਾਂ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜਣਗੀਆਂ ਤੇ ਗੁਰੂ ਸਾਹਿਬ ਨੂੰ ਅਕੀਦਤ ਦੇ ਫੁੱਲ ਭੇਟ ਕਰਨਗੀਆਂ। ਸਰਕਾਰ ਵੱਲੋਂ ਵੱਖਰੇ ਤੌਰ 'ਤੇ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਧਾਰਮਿਕ ਕਾਰਜ ਕਰਵਾਉਣੇ ਸਰਕਾਰਾਂ ਦੇ ਕੰਮ ਨਹੀਂ ਹੁੰਦੇ, ਕਿਹਾ ਕਿ ਸਰਕਾਰ ਆਪਣੀ ਜ਼ਿੱਦ ਪੁਗਾਉਣ ਵਿੱਚ ਲੱਗੀ ਸੀ, ਇਸੇ ਕਰਕੇ ਬੇਅਦਬੀ ਦੀਆਂ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ। 

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਸਰਕਾਰ ਵੱਖਰੇ ਤੌਰ ਤੇ ਸਮਾਗਮ ਕਰ ਵੀ ਰਹੀ ਹੈ ਤਾਂ ਸਾਨੂੰ ਉਹਦੇ ਵਿੱਚ ਕੋਈ ਨਾਰਾਜ਼ਗੀ ਨਹੀਂ ਪ੍ਰੰਤੂ ਸਰਕਾਰ ਨੂੰ ਚਾਹੀਦਾ ਹੈ ਕਿ ਕੱਲ ਬੁਲਾਏ ਜਾਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਲਈ ਕੁਝ ਵਿਸ਼ੇਸ਼ ਐਲਾਨ ਕੀਤੇ ਜਾਣ ਜਿਨਾਂ ਵਿੱਚ ਮੁੱਖ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਧਾਰਮਿਕ ਸ਼ਹਿਰ ਘੋਸ਼ਿਤ ਕੀਤਾ ਜਾਵੇ ਤੇ ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਚੇਰੀ ਸਿੱਖਿਆ ਦਾ ਕੋਈ ਵੱਡਾ ਅਦਾਰਾ ਵੀ ਸਰਕਾਰ ਵੱਲੋਂ ਬਣਾਇਆ ਜਾਵੇ।। ਜਥੇਦਾਰ ਗੜਗੱਜ ਨੇ ਕਿਹਾ ਕਿ ਨਾਲ ਹੀ ਸਿੱਖਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਬਾਰੇ ਵੀ ਵਿਚਾਰ ਕਰਦਿਆਂ ਸੂਬਾ ਸਰਕਾਰ ਨੂੰ ਕੱਲ ਦੇ ਵਿਸ਼ੇਸ਼ ਅਸੈਂਬਲੀ ਸੈਸ਼ਨ ਵਿੱਚ ਇੱਕ ਮਤਾ ਪਾਸ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਮਨੁੱਖੀ ਹੱਕਾਂ ਦੀ ਰਾਖੀ ਦੇ ਲਈ ਸੀ ਤੇ ਅੱਜ ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਜੇਲਾਂ ਦੇ ਵਿੱਚ ਡੱਕਿਆ ਗਿਆ ਹੈ ਤੇ ਲੋੜ ਹੈ ਕਿ ਉਹਨਾਂ ਦੇ ਹੱਕ ਵਿੱਚ ਹਰ ਪਾਸਿਓਂ ਆਵਾਜ਼ ਬੁਲੰਦ ਕੀਤੀ ਜਾਵੇ ਤੇ ਸਰਕਾਰਾਂ ਮਜਬੂਰ ਹੋਣ ਉਹਨਾਂ ਨੂੰ ਰਿਹਾ ਕਰਨ ਲਈ। 

ਵਿਧਾਨ ਸਭਾ ਸੈਸ਼ਨ 'ਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਸ ਕੀਤਾ ਜਾਵੇ : ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸ਼ਹੀਦੀ ਸ਼ਤਾਬਦੀਆਂ ਦੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖਾਲਸਾ ਹੀ ਜਾਹੋ-ਜਲਾਲ ਦੇ ਪ੍ਰਗਟਾਵੇ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਸੰਗਤਾਂ ਦੇਸ਼ਾਂ-ਵਿਦੇਸ਼ਾਂ ਤੋਂ ਵਹੀਰਾਂ ਘੱਤ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਖ ਵੱਖ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀਆਂ ਹਨ। 

ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਬੋਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੇ ਅਸੈਂਬਲੀ ਸੈਸ਼ਨ ਬੁਲਾਉਣ 'ਤੇ ਹੋਰ ਸਮਾਗਮ ਕਰਨ ਦਾ ਤਾਂ ਹੀ ਫਾਇਦਾ ਹੈ। ਜੇਕਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਚੁੱਕ ਕੇ ਉਹਨਾਂ ਕਿਹਾ ਕਿ ਦਿੱਲੀ ਵਿੱਚ ਦੋ ਵਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਰਹਿ ਚੁੱਕੀ ਹੈ ਪ੍ਰੰਤੂ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾ ਕਰਨ ਲਈ ਸਰਕਾਰ ਵੱਲੋਂ ਕੋਈ ਕਾਰਜ ਨਹੀਂ ਕੀਤਾ ਗਿਆ ਤੇ ਹੁਣ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਕੱਲ ਮਤਾ ਪਾਸ ਕਰੇ ਤਾਂ ਜੋ ਬੰਦੀ ਸਿੰਘਾਂ ਦੀ ਜਲਦ ਰਿਹਾਈ ਹੋ ਸਕੇ।

ਬੀ.ਐਸ. ਚਾਨਾ ਦੀ ਰਿਪੋਰਟ

Related Post