ਪੰਜਾਬ ਸਰਕਾਰ ਦਾ ਵੱਡਾ U-Turn! ਭ੍ਰਿਸ਼ਟਾਚਾਰ ਦੇ ਮਾਮਲੇ ਸਸਪੈਂਡ ਦੋ ਵੱਡੇ ਅਧਿਕਾਰੀ ਮੁੜ ਕੀਤੇ ਬਹਾਲ, ਅਕਾਲੀ ਦਲ ਨੇ ਘੇਰਿਆ

Punjab Government Against Corruption - ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਸਪੈਂਡ ਕੀਤੇ ਦੋ ਵੱਡੇ ਅਧਿਕਾਰੀਆਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਲਏ ਇਸ ਯੂ-ਟਰਨ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਮਾਨ ਨੂੰ ਘੇਰਿਆ ਹੈ।

By  KRISHAN KUMAR SHARMA May 18th 2025 08:29 PM -- Updated: May 18th 2025 08:51 PM

Punjab Police Against Corruption - ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਨੂੰ ਲੈ ਕੇ ਵੱਡੇ-ਵੱਡੇ ਦਮਗਜ਼ੇ ਮਾਰਨ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਅਜਿਹੇ ਹੀ ਇੱਕ ਮਾਮਲੇ ਵਿੱਚ ਵੱਡਾ ਯੂ-ਟਰਨ ਮਾਰਿਆ ਹੈ। ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਸਪੈਂਡ ਕੀਤੇ ਦੋ ਵੱਡੇ ਅਧਿਕਾਰੀਆਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਦੋਵੇਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਪਹਿਲਾਂ ਵਾਲੇ ਅਹੁਦਿਆਂ 'ਤੇ ਹੀ ਬਹਾਲ ਕੀਤਾ ਗਿਆ ਹੈ, ਜਦਕਿ ਉਧਰ ਸਸਪੈਂਡ ਕੀਤੇ ਗਏ ਅਧਿਕਾਰੀ ਐਸਪੀਐਸ ਪਰਮਾਰ ਦੀ ਮੁਅੱਤਲ ਨੂੰ ਗ੍ਰਹਿ ਮੰਤਰਾਲੇ ਨੇ ਮਨਜੂਰ ਕਰ ਲਈ ਹੈ।

ਜਾਣਕਾਰੀ ਅਨੁਸਾਰ ਇਨ੍ਹਾਂ ਦੋਹਾਂ ਬਹਾਲ ਕੀਤੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ 25 ਅਪ੍ਰੈਲ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਚਲਦਿਆਂ ਸਸਪੈਂਡ ਕੀਤਾ ਗਿਆ ਸੀ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ, ਜੋ ਕਿ ਮੁੱਖ ਮੰਤਰੀ ਮਾਨ ਕੋਲ ਹੀ ਹੈ, ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਵਿੱਚ ਇਹ ਲਿਖਿਆ ਗਿਆ ਕਿ ਜਿਸ ਅਹੁਦੇ ਤੋਂ ਇਨ੍ਹਾਂ ਦੋਵੇਂ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੁਣ ਉੱਥੇ ਹੀ ਲਗਾਇਆ ਜਾ ਰਿਹਾ ਹੈ। 

ਇਸ ਦੇ ਨਾਲ ਹੀ ਇਹ ਵੀ ਹੁਕਮ ਕੀਤਾ ਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਦੇ ਸਸਪੈਂਡ ਪੀਰੀਅਡ ਨੂੰ ਵੀ ਡਿਊਟੀ ਪੀਰੀਅਡ ਹੀ ਗਿਣਿਆ ਜਾਵੇਗਾ। ਇਸ ਘਟਨਾਕ੍ਰਮ ਤੋਂ ਬਾਅਦ ਹੁਣ ਵਿਰੋਧ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਵੱਲੋਂ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਕਿ ਜੇਕਰ ਪੂਰੇ ਸਬੂਤ ਨਹੀਂ ਸਨ ਤਾਂ ਫਿਰ ਸਰਕਾਰ ਨੇ ਅਫਸਰ ਸਸਪੈਂਡ ਹੀ ਕਿਉਂ ਕੀਤੇ ਸਨ?

ਦੋਵੇਂ ਫੈਸਲੇ ਸਹੀ ਨਹੀਂ ਹੋ ਸਕਦੇ - ਪ੍ਰਤਾਪ ਸਿੰਘ ਬਾਜਵਾ

LOP ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਖੜੇ ਕੀਤੇ ਕਿ 'ਆਪ' ਪੰਜਾਬ ਸਰਕਾਰ ਨੇ ਪਹਿਲਾਂ ਭ੍ਰਿਸ਼ਟਾਚਾਰ 'ਤੇ ਕਾਰਵਾਈ ਦਾ ਦਾਅਵਾ ਕਰਦੇ ਹੋਏ ਸੀਨੀਅਰ ਵਿਜੀਲੈਂਸ ਬਿਊਰੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਹੁਣ, ਉਨ੍ਹਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ - ਉਹੀ ਅਹੁਦੇ, ਮੁਅੱਤਲੀ ਦੀ ਮਿਆਦ ਵੀ ਗਿਣਿਆ ਨਹੀਂ ਗਿਆ। ਦੋਵੇਂ ਫੈਸਲੇ ਸਹੀ ਨਹੀਂ ਹੋ ਸਕਦੇ। ਕੀ 'ਆਪ' ਨੇ ਉਨ੍ਹਾਂ ਨੂੰ ਲਾਈਨ ਵਿੱਚ 'ਤੇ ਲਿਆਉਣ ਲਈ ਮੁਅੱਤਲ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ ਪਾਲਣਾ ਕੀਤੀ ਹੈ?

ਉਧਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਨੂੰ ਮਾਨ ਸਰਕਾਰ ਦੀ ਬੇਸ਼ਰਮੀ ਦੱਸੀ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਦਾ ਇੱਕ ਹੋਰ ਵੱਡਾ ਝੂਠ ਸਾਹਮਣੇ ਆ ਗਿਆ ਹੈ। 

ਮਜੀਠੀਆ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, ''ਜਿਹੜੇ 24 , 25 ਦਿਨ ਪਹਿਲਾਂ CORRUPT ਸੀ। ਹੁਣ ਬਹਾਲ ਹੋ ਗਏ ! ਇਸ ਦਾ ਮਤਲਬ ਉਹ ਇਮਾਨਦਾਰ ਨੇ ? ਫਿਰ ਸਰਕਾਰ ਝੂਠ ਬੋਲਦੀ ਸੀ ? ਅਸਲੀ STORY ਇਹ ਹੈ ਕਿ ਇਹਨਾਂ ਨੂੰ ਕੁਝ ਸਿਆਸੀ ਲੀਡਰਾਂ ਖਿਲਾਫ਼ ਵਰਤਿਆ ਜਾਣਾ ਸੀ ! ਏ ਉਸ ਵੇਲੇ ਹੱਥ ਠੋਕਾ ਨਹੀਂ ਬਣੇ ! ਹੁਣ ਲੱਗਦਾ ਕੁਝ ਸਮਝੌਤਾ ਹੋ ਗਿਆ ? ਇਸ ਲਈ ਇਹਨਾਂ ਨੂੰ ਬਹਾਲ ਕਰਤਾ ਦੂਜਿਆਂ ਨਾਲ ਗੱਲ ਨਹੀਂ ਮੁੱਕੀ SPS PARMAR ਨਾਲ!? ਬਦਲਾਵ ਦੇ ਏ ਹਲਾਤ ਨੇ। ਸਰਕਾਰ ਨੂੰ ਮੁਆਫ਼ੀ ਮੰਗਦੇ ਹੋਏ ਫਿਰ SPS PARMAR ਨੂੰ ਵੀ ਬਹਾਲ ਕਰਨਾ ਚਾਹੀਦਾ ਹੈ। ਕੇਸ ਤਾਂ ਇੱਕ ਹੀ ਸੀ !''

Related Post