Ludhiana News : ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲੇ ਵਿਜੀਲੈਂਸ ਦੇ SSP ਨੂੰ ਪੰਜਾਬ ਸਰਕਾਰ ਨੇ ਕੀਤਾ ਮੁਅੱਤਲ, ਜਾਣੋਂ ਪੂਰਾ ਮਾਮਲਾ

Ludhiana News : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੁੱਛਗਿੱਛ ਲਈ ਸੰਮਨ ਭੇਜਣ ਵਾਲੇ ਵਿਜੀਲੈਂਸ ਦੇ ਐਸਐਸਪੀ ਨੂੰ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਆਸ਼ੂ ਨੂੰ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ। ਸੂਤਰਾਂ ਅਨੁਸਾਰ ਐਸਐਸਪੀ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਸਿੱਧੀ ਗੱਲਬਾਤ ਹੋ ਰਹੀ ਸੀ

By  Shanker Badra June 6th 2025 02:37 PM -- Updated: June 6th 2025 03:40 PM

Ludhiana News  : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੁੱਛਗਿੱਛ ਲਈ ਸੰਮਨ ਭੇਜਣ ਵਾਲੇ ਵਿਜੀਲੈਂਸ ਦੇ ਐਸਐਸਪੀ ਨੂੰ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਆਸ਼ੂ ਨੂੰ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ। ਸੂਤਰਾਂ ਅਨੁਸਾਰ ਐਸਐਸਪੀ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਸਿੱਧੀ ਗੱਲਬਾਤ ਹੋ ਰਹੀ ਸੀ। ਆਸ਼ੂ ਨੂੰ ਸਰਾਭਾ ਨਗਰ ਵਿੱਚ ਸਕੂਲ ਦੀ ਜ਼ਮੀਨ ਦੀ ਦੁਰਵਰਤੋਂ ਨਾਲ ਸਬੰਧਤ 2400 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਸੰਮਨ ਭੇਜੇ ਗਏ ਸਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਭਾਰਤ ਭੂਸ਼ਣ ਆਸ਼ੂ ਨੂੰ ਵਿਜਲੈਂਸ ਬਿਊਰੋ ਨੇ ਨਿਊ ਹਾਈ ਸਕੂਲ ਦੇ ਘਪਲੇ ’ਚ ਜਿਹੜੇ ਸੰਮਨ ਭੇਜੇ ਸਨ, ਉਹ ਵਿਜੀਲੈਂਸ ਦੇ ਐਸਐਸਪੀ ਨੇ ਖੁਦ ਆਪਣੇ ਪੱਧਰ ’ਤੇ ਹੀ ਭੇਜੇ ਹਨ। ਦੋਵਾਂ ਦੇ ਪੁਰਾਣੇ ਸਬੰਧ ਵੀ ਸਾਹਮਣੇ ਆਏ ਹਨ।

ਇਹ ਵੀ ਪਤਾ ਲੱਗਾ ਹੈ ਕਿ ਭਾਰਤ ਭੂਸ਼ਣ ਆਸ਼ੂ ਤੇ ਐਸਐਸਪੀ ਦੀ ਪਿਛਲੇ ਦਿਨਾਂ ਤੋਂ ਲਗਾਤਾਰ ਗੱਲਬਾਤ ਵੀ ਚੱਲ ਰਹੀ ਸੀ। ਸੂਤਰਾਂ ਮੁਤਾਬਕ ਆਸ਼ੂ ਹੀ ਉਹ ਵਿਅਕਤੀ ਸੀ ,ਜਿਸਨੇ ਪਹਿਲਾਂ ਇਸ ਅਧਿਕਾਰੀ ਨੂੰ ਡੀਐਸਪੀ ਦੇ ਅਹੁਦੇ 'ਤੇ ਨਿਯੁਕਤ ਕਰਵਾਇਆ ਸੀ। 

ਸੂਤਰਾਂ ਮੁਤਾਬ ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਵੀ ਦੋਵਾਂ ਵਿਚਾਲੇ ਇੱਕ ਮੀਟਿੰਗ ਹੋਈ ਸੀ। ਜਿਸ ਤੋਂ ਬਾਅਦ ਸਰਕਾਰ ਨੂੰ ਖ਼ੁਫੀਆ ਤੰਤਰ ਰਾਹੀਂ ਜਾਣਕਾਰੀ ਮਿਲੀ ਸੀ ਕਿ ਐਸਐਸਪੀ ਨੇ ਬੀਤੇ ਦਿਨੀਂ ਆਸ਼ੂ ਨਾਲ ਗੁਪਤ ਮੀਟਿੰਗ ਵੀ ਕੀਤੀ ਹੈ ਤੇ ਉਨ੍ਹਾਂ ਨੂੰ ਜ਼ਿਮਨੀ ਚੋਣ ਵਿੱਚ ਸਿੱਧੇ ਤੌਰ ’ਤੇ ਫਾਇਦਾ ਪਹੁੰਚਾਉਣ ਲਈ ਇਹ ਸੰਮਨ ਜਾਰੀ ਕੀਤੇ ਸਨ। ਫਿਲਹਾਲ ਸਰਕਾਰ ਨੇ ਐਸਐਸਪੀ ਜਗਤਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਉਂਝ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਅਧਾਕਾਰਤ ਪੁਸ਼ਟੀ ਨਹੀਂ ਹੋਈ ਹੈ।

           

 ਆਸ਼ੂ ਨੇ ਮੁਅੱਤਲ ਕੀਤੇ ਐਸਐਸਪੀ ਨਾਲ ਸੰਜੀਵ ਅਰੋੜਾ ਦੀ ਫੋਟੋ ਕੀਤੀ ਜਨਤਕ

ਓਧਰ ਭਾਰਤ ਭੂਸ਼ਣ ਆਸ਼ੂ ਨੇ ਵੀ ਸਰਕਾਰ ਵਲੋਂ ਮੁਅੱਤਲ ਕੀਤੇ ਐਸਐਸਪੀ ਵਿਜੀਲੈਂਸ ਅਤੇ ਹੋਰ ਅਧਿਕਾਰੀਆਂ ਨਾਲ ਆਪ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਇਕ ਫੋਟੋ ਜਨਤਕ ਕੀਤੀ ਹੈ। ਪੱਤਰਕਾਰ ਸੰਮੇਲਨ ਵਿਚ ਜਨਤਕ ਕੀਤੀ ਗਈ ਇਸ ਫੋਟੋ ਸੰਬੰਧੀ ਆਸ਼ੂ ਨੇ ਕਿਹਾ ਕਿ ਸੰਜੀਵ ਅਰੋੜਾ ਅਧਿਕਾਰੀਆਂ ਨੂੰ ਇਸ ਮੀਟਿੰਗ ਵਿਚ ਹੁਕਮ ਦਿੰਦੇ ਦਿਖਾਈ ਦੇ ਰਹੇ ਹਨ, ਜੋ ਕਿ ਚੋਣ ਜਾਬਤੇ ਦੀ ਉਲੰਘਣਾ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਮੌਜੂਦ ਸਨ।


8 ਜਨਵਰੀ 2025 ਦਾ ਮਾਮਲਾ 

 ਦੱਸ ਦੇਈਏ ਕਿ ਇਹ ਮਾਮਲਾ 8 ਜਨਵਰੀ 2025 ਦਾ ਹੈ। ਇਹ ਮਾਮਲਾ ਲੁਧਿਆਣਾ ਇੰਪਰੂਵਮੈਂਟ ਟਰੱਸਟ ਵੱਲੋਂ ਦਹਾਕੇ ਪਹਿਲਾਂ ਸਰਾਭਾ ਨਗਰ ਵਿੱਚ ਨਵੇਂ ਸੀਨੀਅਰ ਸੈਕੰਡਰੀ ਸਕੂਲ ਨੂੰ ਚਲਾਉਣ ਲਈ ਅਲਾਟ ਕੀਤੀ ਗਈ 4.7 ਏਕੜ ਜ਼ਮੀਨ ਦੇ ਆਲੇ-ਦੁਆਲੇ ਘੁੰਮਦਾ ਹੈ। ਇਹ ਜ਼ਮੀਨ ਸਿਰਫ਼ ਵਿਦਿਅਕ ਉਦੇਸ਼ਾਂ ਲਈ ਰਿਆਇਤੀ ਦਰ 'ਤੇ ਦਿੱਤੀ ਗਈ ਸੀ। ਹਾਲਾਂਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਜ਼ਮੀਨ ਦੇ ਕੁਝ ਹਿੱਸਿਆਂ ਨੂੰ ਵਪਾਰਕ ਗਤੀਵਿਧੀਆਂ ਲਈ ਗੈਰ-ਕਾਨੂੰਨੀ ਤੌਰ 'ਤੇ ਵਰਤਿਆ ਜਾ ਰਿਹਾ ਸੀ।

ਇਸ ਇਮਾਰਤ ਵਿੱਚ ਕਈ ਨਿੱਜੀ ਪਲੇਵੇ ਸਕੂਲ ਅਤੇ ਕਾਰੋਬਾਰ ਚੱਲ ਰਹੇ ਹਨ, ਸਕੂਲ ਪ੍ਰਬੰਧਨ ਕਥਿਤ ਤੌਰ 'ਤੇ ਭਾਰੀ ਕਿਰਾਇਆ ਵਸੂਲ ਰਿਹਾ ਹੈ, ਜੋ ਕਿ 2,400 ਕਰੋੜ ਰੁਪਏ ਦੀ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਇੱਕ ਗੰਭੀਰ ਉਲੰਘਣਾ ਹੈ। ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਦੇ ਚੇਅਰਮੈਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਸਾਲ 8 ਜਨਵਰੀ ਨੂੰ ਸਕੂਲ ਵਿਰੁੱਧ ਐਫਆਈਆਰ ਦਰਜ ਕਰ ਲਈ ਸੀ। ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਦੌਰਾਨ ਕਥਿਤ ਵਿੱਤੀ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ।

 

Related Post