ਚਰਚਾ ਚ ਆਈ ਰਾਜਪਾਲ ਤੇ ਸੁਖਬੀਰ ਸਿੰਘ ਬਾਦਲ ਦੀ ਤਸਵੀਰ 2027 ਦੀ ਝਲਕ ਕਿਉਂ ਕਹੀ ਜਾ ਰਹੀ ਹੈ?

ਫਿਰੋਜ਼ਪੁਰ ਪਹੁੰਚੇ ਪੰਜਾਬ ਦੇ ਰਾਜਪਾਲ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ ਪਰ ਇਸ ਮਿਸ਼ਨ ਦੇ ਨਾਲ-ਨਾਲ ਰਾਜਪਾਲ ਤੇ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਚਰਚਾ ਦਾ ਵਿਸ਼ਾ ਬਣ ਗਈ

By  Shanker Badra February 10th 2026 11:23 PM -- Updated: February 10th 2026 11:40 PM

Punjab Elections 2027 : ਫਿਰੋਜ਼ਪੁਰ ਪਹੁੰਚੇ ਪੰਜਾਬ ਦੇ ਰਾਜਪਾਲ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ ਪਰ ਇਸ ਮਿਸ਼ਨ ਦੇ ਨਾਲ-ਨਾਲ ਰਾਜਪਾਲ ਤੇ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਚਰਚਾ ਦਾ ਵਿਸ਼ਾ ਬਣ ਗਈ। ਸਿਆਸੀ ਪੰਡਤ ਆਪੋ-ਆਪਣੀਆਂ ਕਿਆਸਰਾਹੀਆਂ ਲਗਾਉਣ ਲੱਗ ਗਏ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਦੀ ਨਸ਼ਿਆਂ ਨੂੰ ਲੈ ਕੇ ਜ਼ੀਰੋ ਟੌਲਰੈਂਸ ਨੀਤੀ ਕਿਸੇ ਤੋਂ ਲੁਕੀ ਨਹੀਂ ਹੈ। ਚਾਹੇ ਕਾਨੂੰਨ ਵਿਵਸਥਾ ਦੀ ਗੱਲ ਹੋਵੇ ਜਾਂ ਨਸ਼ਿਆਂ ਦੇ ਮਾੜੇ ਅਸਰ ਦੀ ਸਮੇਂ ਸਮੇਂ 'ਤੇ ਰਾਜਪਾਲ ਸਰਕਾਰ ਅਤੇ ਸਿਸਟਮ ਨੂੰ ਸ਼ੀਸ਼ਾ ਦਿਖਾਉਂਦੇ ਰਹਿੰਦੇ ਹਨ।

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੌਰੇ ਦੇ ਦੂਜੇ ਦਿਨ ਸਕੂਲੀ ਬੱਚਿਆਂ ਸਣੇ ਲੋਕਾਂ ਨੂੰ ਜਾਗਰੂਕ ਕਰਨ ਲਈ ਰਾਜਪਾਲ ਨੇ ਨਸ਼ਿਆਂ ਖਿਲਾਫ਼ ਜਨਸਭਾ ਵੀ ਕੀਤੀ ਅਤੇ ਨਸ਼ਿਆਂ ਦੇ ਖਾਤਮੇ ਲਈ ਸਹੁੰ ਵੀ ਚੁੱਕੀ ਅਤੇ ਪਹੁੰਚੇ ਹਰ ਸਖ਼ਸ਼ ਨੂੰ ਅਹਿਦ ਦੁਆਇਆ ਕਿ ਨਸ਼ਾ ਪੰਜਾਬ ਵਿੱਚੋਂ ਜੜੋਂ ਪੁੱਟ ਸੁੱਟਾਂਗੇ।

ਸੁਖਬੀਰ ਸਿੰਘ ਬਾਦਲ ਨੇ ਵੀ ਲਿਆ ਅਹਿਦ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਇਸ ਮੁਹਿੰਮ ਦਾ ਹਿੱਸਾ ਬਣੇ। ਸਾਰਿਆਂ ਨੇ ਇਸ ਮੌਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦ ਸਹੁੰ ਚੁੱਕੀ। 

ਇਸ ਮੁਹਿੰਮ ਦਾ ਹਿੱਸਾ ਬਣੇ ਡੇਰਾ ਬਿਆਸ ਮੁਖੀ ਅਤੇ ਅਸ਼ਵਨੀ ਸ਼ਰਮਾ ਸਣੇ ਕਈ ਭਾਜਪਾ ਆਗੂ ਚਰਚਾ ਦਾ ਵਿਸ਼ਾ ਬਣੇ ਰਹੇ।

2027 ਦੀ ਪਹਿਲੀ ਝਲਕ ਦਾ ਮਾਮਲਾ ਕੀ?

ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਮੂਲੀਅਤ ਚਰਚਾ ਦਾ ਵਿਸ਼ਾ ਤਾਂ ਸੀ ਹੀ ਪਰ ਸ਼ਾਮ ਹੁੰਦੇ ਹੁੰਦੇ ਇੱਕ ਤਸਵੀਰ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਰਾਜਨੀਤਿਕ ਅਟਕਲਾਂ ਨੂੰ ਜਨਮ ਦੇ ਦਿੱਤਾ।

ਲੋਕਾਂ ਨੇ ਉਹ ਤਸਵੀਰ ਖਾਸ ਤੌਰ 'ਤੇ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਰਾਜਪਾਲ ਅਤੇ ਸੁਖਬੀਰ ਸਿੰਘ ਬਾਦਲ ਇਕੱਠੇ ਖੜ੍ਹੇ ਦਿਖਾਈ ਦੇ ਰਹੇ ਹਨ। ਲੋਕਾਂ ਨੇ 2027 ਦੀ ਤਸਵੀਰ ਵਾਂਗ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ 'ਅਗਲੀ ਸਰਕਾਰ ਦੀ ਪਹਿਲੀ ਝਲਕ' ਹੈ। 

ਸਿਆਸਤ ਨੂੰ ਨੇੜਿਓਂ ਦੇਖਣ ਵਾਲੇ ਡੇਰਾ ਬਿਆਸ ਮੁਖੀ, ਭਾਜਪਾ ਆਗੂਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਕੱਠੇ ਦੇਖ ਕੇ ਆਪਣੇ ਹਿਸਾਬ ਨਾਲ ਸਿੱਟੇ ਕੱਢ ਰਹੇ ਹਨ। 

ਪਰ ਰਾਜਪਾਲ ਨਾਲ ਮੁਹਿੰਮ ਦਾ ਹਿੱਸਾ ਬਣ ਕੇ ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਸਾਫ ਕਰ ਦਿੱਤੀ ਹੈ ਕਿ 2027 ਚੋਣਾਂ ਲਈ ਉਨ੍ਹਾਂ ਨੇ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।  

ਪਰ ਜੋ ਤਸਵੀਰ ਵਾਇਰਲ ਹੋ ਰਹੀ ਅਤੇ ਚਰਚਾ ਵਿੱਚ ਹੈ ਉਸਨੇ ਖਾਸਕਰ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਚਾਹੁਣ ਵਾਲਿਆਂ ਨੂੰ ਉਤਸ਼ਾਹਿਤ ਜ਼ਰੂਰ ਕਰ ਦਿੱਤਾ ਹੈ।


Related Post