ਪ੍ਰੀਤਪਾਲ ਸਿੰਘ ਵੱਲੋਂ ਹਰਿਆਣਾ ਪੁਲਿਸ 'ਤੇ ਕੁੱਟਮਾਰ ਦੇ ਦੋਸ਼, ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਕਾਰਵਾਈ ਦੇ ਹੁਕਮ

By  KRISHAN KUMAR SHARMA March 15th 2024 04:51 PM -- Updated: March 15th 2024 07:09 PM

ਚੰਡੀਗੜ੍ਹ: ਕਿਸਾਨ ਅੰਦੋਲਨ (Kisan Andolan) 'ਚ ਗੰਭੀਰ ਜ਼ਖ਼ਮੀ ਹੋਏ ਪ੍ਰੀਤਪਾਲ ਸਿੰਘ (Preetpal Singh) ਦੇ ਮਾਮਲੇ 'ਚ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ (Punjab Government) ਨੂੰ ਕਾਰਵਾਈ ਦੇ ਹੁਕਮ ਦਿੱਤੇ ਹਨ। ਇਹ ਹੁਕਮ ਹਾਈਕੋਰਟ ਵੱਲੋਂ ਪ੍ਰੀਤਪਾਲ ਸਿੰਘ ਦੇ ਬਿਆਨਾਂ ਅਤੇ ਹਰਿਆਣਾ ਸਰਕਾਰ (Haryana Government) ਦੇ ਜਵਾਬ ਤੋਂ ਬਾਅਦ ਜਾਰੀ ਕੀਤੇ ਗਏ ਹਨ। ਪ੍ਰੀਤਪਾਲ ਸਿੰਘ ਦੇ ਬਿਆਨ ਸ਼ੁੱਕਰਵਾਰ ਹਾਈਕੋਰਟ 'ਚ ਪੇਸ਼ ਕੀਤੇ ਗਏ ਸਨ।

ਦੱਸ ਦਈਏ ਕਿ ਹਾਈਕੋਰਟ ਪਿਛਲੇ ਦਿਨੀ ਮਾਮਲੇ ਦੀ ਸੁਣਵਾਈ ਦੌਰਾਨ ਚੰਡੀਗੜ੍ਹ ਦੇ ਸੀਜੇਐਮ ਨੂੰ ਪ੍ਰੀਤਪਾਲ ਸਿੰਘ ਦੇ ਬਿਆਨ ਦਰਜ ਕਰਨ ਦੇ ਹੁਕਮ ਦਿੱਤੇ ਸਨ। ਇਸ ਸਮੇਂ ਇੱਕ ਡਾਕਟਰ ਦੀ ਮੌਜੂਦਗੀ ਅਤੇ ਨਾਲ ਹੀ ਹਰਿਆਣਾ ਪੁਲਿਸ ਦੇ ਏਸੀਪੀ ਨੂੰ ਵੀ ਮੌਜੂਦ ਰਹਿਣ ਦੇ ਹੁਕਮ ਦਿੱਤੇ ਹਨ। ਉਪਰੰਤ ਬੀਤੇ ਦਿਨ ਵੀਰਵਾਰ ਨੂੰ ਪ੍ਰੀਤਪਾਲ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ ਸ਼ੁੱਕਰਵਾਰ ਅਦਾਲਤ 'ਚ ਪ੍ਰੀਤਪਾਲ ਸਿੰਘ ਦੇ ਬਿਆਨ ਪੇਸ਼ ਕੀਤੇ ਗਏ।

'ਹਰਿਆਣਾ ਪੁਲਿਸ ਨੇ ਜ਼ਬਰਦਸਤੀ ਚੁੱਕਿਆ ਸੀ ਕੁੱਟਿਆ'

ਬਿਆਨਾਂ ਵਿੱਚ ਪ੍ਰੀਤਪਾਲ ਸਿੰਘ ਨੇ ਹਰਿਆਣਾ ਪੁਲਿਸ (Haryana Police) ਦੀ ਕਾਰਵਾਈ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਸ ਨੇ ਕਿਹਾ, ''ਹਰਿਆਣਾ ਪੁਲਿਸ ਨੇ ਪਹਿਲਾਂ ਉਸ ਨੂੰ ਪੰਜਾਬ ਵਿੱਚ ਵੜ ਕੇ ਕੁੱਟਿਆ ਅਤੇ ਉਸ ਤੋਂ ਬਾਅਦ ਜ਼ਬਰਦਸਤੀ ਹਰਿਅਣਾ ਵਿੱਚ ਚੁੱਕ ਕੇ ਲੈ ਗਏ ਅਤੇ ਉਥੇ ਫਿਰ ਬੇਰਹਿਮੀ ਨਾਲ ਕੁੱਟਿਆ।'' ਪ੍ਰੀਤਪਾਲ ਦੇ ਪਿਤਾ ਦੇ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਪੂਰੇ ਮਾਮਲੇ ਬਾਰੇ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ 'ਤੇ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇਨ੍ਹਾਂ ਬਿਆਨਾਂ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਤੈਅ ਕਾਨੂੰਨ ਤਹਿਤ ਕਾਰਵਾਈ ਦੇ ਹੁਕਮ ਦਿੱਤੇ ਹਨ।

ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ 'ਚ ਸ਼ਾਮਲ ਸੀ ਪ੍ਰੀਤਪਾਲ ਸਿੰਘ : ਹਰਿਆਣਾ ਸਰਕਾਰ

ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਕਿਹਾ ਗਿਆ ਕਿ ਉਸ ਦਿਨ ਹਰਿਆਣਾ ਪੁਲਿਸ ਦੇ 15 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਸਨ ਅਤੇ 8 ਪੁਲਿਸ ਮੁਲਾਜ਼ਮਾਂ ਨੇ ਪ੍ਰੀਤਪਾਲ ਖਿਲਾਫ ਬਿਆਨ ਦਿੱਤੇ ਹਨ। ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਪ੍ਰੀਤਪਾਲ ਸਿੰਘ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ 'ਚ ਸ਼ਾਮਲ ਸੀ, ਉਸ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਪ੍ਰੀਤਪਾਲ ਦੇ ਬਿਆਨ 'ਤੇ ਪੰਜਾਬ ਸਰਕਾਰ ਨੂੰ ਕਰਵਾਈ ਕਰਨ ਅਤੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

Related Post