Punjab Bus Strike : ਸਰਕਾਰੀ ਬੱਸਾਂ ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਜਾਣੋ ਹੜਤਾਲ ਖਤਮ ਹੋਣ ਬਾਰੇ 7 ਘੰਟੇ ਮੀਟਿੰਗ ਚ ਕੀ ਬਣੀ ਸਹਿਮਤੀ

PRTC Bus Strike News : ਪੰਜਾਬ ਰੋਡਵੇਜ਼ ਯੂਨੀਅਨ ਵੱਲੋਂ ਇਹ ਫੈਸਲਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਉਪਰੰਤ ਲਿਆ ਗਿਆ, ਜਿਸ ਵਿੱਚ ਮੰਗਾਂ 'ਤੇ ਗ੍ਰਿਫ਼ਤਾਰ ਮੁਲਾਜ਼ਮ ਸਾਥੀਆਂ ਨੂੰ ਰਿਹਾਅ ਕਰਨ ਸਮੇਤ ਮੰਗਾਂ 'ਤੇ ਸਹਿਮਤੀ ਬਣੀ ਹੈ।

By  KRISHAN KUMAR SHARMA November 30th 2025 06:28 PM -- Updated: November 30th 2025 09:10 PM

Punjab Bus Strike : ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਪੀਆਰਟੀਸੀ/ਪਨਬਸ ਠੇਕਾ ਮੁਲਾਜ਼ਮ ਯੂਨੀਅਨ ਨੇ ਹੜਤਾਲ ਖਤਮ ਕਰਨ 'ਤੇ ਸਹਿਮਤੀ ਬਣੀ ਹੈ। ਪੰਜਾਬ ਰੋਡਵੇਜ਼ ਯੂਨੀਅਨ (PRTC Bus Strike News) ਵੱਲੋਂ ਇਹ ਫੈਸਲਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਉਪਰੰਤ ਲਿਆ ਗਿਆ, ਜਿਸ ਵਿੱਚ ਮੰਗਾਂ 'ਤੇ ਗ੍ਰਿਫ਼ਤਾਰ ਮੁਲਾਜ਼ਮ ਸਾਥੀਆਂ ਨੂੰ ਰਿਹਾਅ ਕਰਨ ਸਮੇਤ ਮੰਗਾਂ 'ਤੇ ਸਹਿਮਤੀ ਬਣੀ ਹੈ। ਹਾਲਾਂਕਿ, ਹੜਤਾਲ ਖਤਮ ਕਰਨ ਬਾਰੇ ਅਜੇ ਯੂਨੀਅਨ ਵੱਲੋਂ ਰਸਮੀ ਐਲਾਨ ਨਹੀਂ ਕੀਤਾ ਗਿਆ।

ਯੂਨੀਅਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਤਰੀ ਭੁੱਲਰ ਨਾਲ ਲਗਭਗ 7 ਘੰਟੇ ਤੱਕ ਚੱਲੀ ਮੀਟਿੰਗ ਦੌਰਾਨ ਸਾਰੀਆਂ ਮੰਗਾਂ 'ਤੇ ਸਹਿਮਤੀ ਬਣੀ ਹੈ। ਉਨ੍ਹਾਂ ਦੱਸਿਆ ਕਿ ਅੱਜ ਯੂਨੀਅਨ ਆਗੂਆਂ ਖਿਲਾਫ ਸਰਕਾਰ ਵੱਲੋਂ ਕੀਤੇ ਨਾਜਾਇਜ਼ ਪਰਚੇ ਰੱਦ ਕਰਨ, ਸਸਪੈਂਡ ਕੀਤੇ ਮੁਲਾਜ਼ਮ ਬਹਾਲ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਰੱਖੀ ਸੀ, ਜਿਸ ਵਿੱਚ ਲਾਲਜੀਤ ਸਿੰਘ ਭੁੱਲਰ ਮੰਤਰੀ ਨੇ ਗੱਲਬਾਤ ਦੌਰਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਕਿਲੋਮੀਟਰ ਸਕੀਮ ਦਾ ਵਿਰੋਧ ਛੱਡ ਕੇ ਆਪਣੀ ਹੜਤਾਲ ਖਤਮ ਕਰਕੇ ਕੰਮ 'ਤੇ ਵਾਪਿਸ ਪਰਤ ਆਉਣ ਅਤੇ ਉਨ੍ਹਾਂ ਦੇ ਮੁਲਾਜ਼ਮ ਆਗੂਆਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਜਾਵੇਗਾ ਅਤੇ ਨਾਲ ਹੀ ਸਸਪੈਂਡ ਕੀਤੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇਗਾ।

ਹੜਤਾਲ ਪੂਰਨ ਤੌਰ 'ਤੇ ਕਦੋਂ ਹੋਵੇਗੀ ਖਤਮ ?

ਇਸ ਸਬੰਧੀ ਰੇਸ਼ਮ ਸਿੰਘ, ਪ੍ਰਧਾਨ ਪੀਆਰਟੀਸੀ/ਪਨਬਸ ਰੋਡਵੇਜ਼ ਕੰਟਰੈਕਟ ਯੂਨੀਅਨ ਨੇ ਕਿਹਾ ਕਿ ਮੰਤਰੀ ਲਾਲਜੀਤ ਭੁੱਲਰ ਵੱਲੋਂ ਮੰਗਾਂ 'ਤੇ ਹਾਂ-ਪੱਖੀ ਨਜ਼ਰੀਆ ਵਿਖਾਇਆ ਹੈ ਅਤੇ ਮੰਗਾਂ ਮੰਨੇ ਜਾਣ ਲਈ ਕਿਹਾ ਹੈ। ਪਰ ਜਦੋਂ ਤੱਕ ਉਨ੍ਹਾਂ ਦੇ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਮੁਅੱਤਲ ਕੀਤੇ ਮੁਲਾਜ਼ਮਾਂ ਨੂੰ ਮਸ਼ੀਨਾਂ ਦੇ ਕੇ ਬੱਸਾਂ 'ਤੇ ਬਹਾਲ ਨਹੀਂ ਕੀਤਾ ਜਾਂਦਾ, ਜਦੋਂ ਤੱਕ ਇਸ ਸਬੰਧੀ ਪੱਤਰ ਜਾਰੀ ਹੋ ਜਾਂਦੇ ਹਨ ਅਤੇ ਮੁਲਾਜ਼ਮ ਡਿੱਪੂਆਂ 'ਚ ਆ ਜਾਂਦੇ ਹਨ ਤਾਂ ਹੜਤਾਲ ਖੋਲ ਦਿੱਤੀ ਜਾਵੇਗੀ। ਸੋ, ਫਿਲਹਾਲ ਲਈ ਜਦੋਂ ਤੱਕ ਮੰਤਰੀ ਨਾਲ ਬਣੀ ਸਹਿਮਤੀ ਦਾ ਫੈਸਲਾ ਲਾਗੂ ਨਹੀਂ ਹੁੰਦਾ, ਉਦੋਂ ਤੱਕ ਹੜਤਾਲ ਜਾਰੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼ ਠੇਕਾ ਕਾਮਿਆਂ ਵੱਲੋਂ ਨਿੱਜੀਕਰਨ ਖਿਲਾਫ਼ ਸੰਘਰਸ਼ ਅਤੇ ਕੱਚੇ ਸਾਥੀਆਂ ਨੂੰ ਪੱਕੇ ਕਰਨ ਸਮੇਤ ਮੰਗਾਂ ਨੂੰ ਲੈ ਕੇ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਆਗੂਆਂ ਦੀ ਰਿਹਾਈ ਅਤੇ ਮੰਗਾਂ ਸਬੰਧੀ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਯੂਨੀਅਨ ਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ। 

ਕਿਲੋਮੀਟਰ ਸਕੀਮ 'ਤੇ ਕੀ ਸਹਿਮਤੀ ਬਣੀ ?

ਕਿਲੋਮੀਟਰ ਸਕੀਮ 'ਤੇ ਸਹਿਮਤੀ ਬਾਰੇ ਮੰਤਰੀ ਲਾਲਜੀਤ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਈਆਂ ਜਾਣੀਆਂ ਹਨ, ਉਸ ਸਬੰਧੀ ਬੱਸ ਮੁਲਾਜ਼ਮਾਂ ਨਾਲ ਗੱਲ ਹੋਈ ਹੈ ਕਿ ਉਸ ਵਿੱਚ ਅਸੀਂ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ, ਉਹ ਸਰਕਾਰ ਦਾ ਆਪਣਾ ਮੁੱਦਾ ਹੈ ਤੇ ਉਹ ਸਰਕਾਰ ਨੇ ਆਪਣੇ ਤੌਰ 'ਤੇ ਗੱਲ ਕਰਨੀ ਹੈ।

Related Post