Partap Bajwa Controversy : ਪੰਜਾਬ SC ਕਮਿਸ਼ਨ ਨੇ ਮੰਤਰੀ ਈਟੀਓ ਤੇ ਵਿਵਾਦਤ ਬਿਆਨ ਦਾ ਲਿਆ ਨੋਟਿਸ, ਕਾਂਗਰਸੀ ਆਗੂ ਨੂੰ ਕੀਤਾ ਤਲਬ

Partap Bajwa Controversy : ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਮਾਮਲੇ 'ਚ ਤਲਬ ਕੀਤਾ ਹੈ। ਕਮਿਸ਼ਨ ਵੱਲੋਂ ਬਾਜਵਾ ਨੂੰ 11 ਫ਼ਰਵਰੀ ਨੂੰ ਬਾਅਦ ਦੁਪਹਿਰ ਸੁਣਵਾਈ ਲਈ ਸੱਦਿਆ ਗਿਆ ਹੈ।

By  KRISHAN KUMAR SHARMA February 9th 2026 05:56 PM -- Updated: February 9th 2026 06:09 PM

Partap Bajwa Controversy : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) 'ਤੇ ਕਥਿਤ ਵਿਵਾਦਤ ਬਿਆਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਜਿਥੇ ਘੇਰਿਆ ਹੈ, ਉਥੇ ਹੀ ਹੁਣ ਪੰਜਾਬ ਐਸਸੀ ਕਮਿਸ਼ਨ (SC Commission Punjab) ਨੇ ਵੀ ਇਸ ਦਾ ਨੋਟਿਸ ਲਿਆ ਹੈ। 

ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਮਾਮਲੇ 'ਚ ਤਲਬ ਕੀਤਾ ਹੈ। ਕਮਿਸ਼ਨ ਵੱਲੋਂ ਬਾਜਵਾ ਨੂੰ 11 ਫ਼ਰਵਰੀ ਨੂੰ ਬਾਅਦ ਦੁਪਹਿਰ ਸੁਣਵਾਈ ਲਈ ਸੱਦਿਆ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕੀਤੇ ਜਾਣ ਦਾ ਇਹ ਦੂਜਾ ਮਾਮਲਾ ਹੈ, ਇਸ ਤੋਂ ਪਹਿਲਾਂ ਵੀ ਐਸ.ਸੀ. ਕਮਿਸ਼ਨ ਨੇ ਉਨ੍ਹਾਂ ਨੂੰ ਤਲਬ ਕੀਤਾ ਸੀ। ਇਸ ਦੇ ਨਾਲ ਹੀ ਐਸਐਸਪੀ ਅੰਮ੍ਰਿਤਸਰ ਦਿਹਾਤੀ ਤੋਂ ਵੀ ਇਸ ਮਾਮਲੇ ਵਿੱਚ ਰਿਪੋਰਟ ਮੰਗੀ ਗਈ ਹੈ।


ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਕਮਿਸ਼ਨ ਵੱਲੋਂ ''ਹਰਭਜਨ ਸਿੰਘ ਈਟੀਓ ਪਹਿਲਾਂ ਬੈਂਡ ਵਜਾਉਂਦੇ ਸਨ'' ਬਿਆਨ 'ਤੇ ਤਲਬ ਕੀਤਾ ਗਿਆ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਇਸ ਨੂੰ ਲੈ ਕੇ ਗੁੱਸਾ ਪਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ 'ਆਪ' ਵੱਲੋਂ ਚੰਡੀਗੜ੍ਹ ਵਿਖੇ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ ਵੱਲ ਪ੍ਰਦਰਸ਼ਨ ਵੀ ਕੀਤਾ ਗਿਆ ਸੀ, ਜਿਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਸੀ। ਇਸ ਦੌਰਾਨ ਆਪ ਵਰਕਰਾਂ 'ਤੇ ਜਿਥੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਛੱਡੀਆਂ, ਉਥੇ ਕੁੱਝ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ।

Related Post