DPE ਅਧਿਆਪਕ ਨੂੰ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ; ਸਰਕਾਰੀ ਮੁਰਾਦਪੁਰਾ ਸਕੂਲ ਦੀ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੇ ਨਿਰਦੇਸ਼

Government School Muradpura Amritsar : ਵਿਭਾਗ ਵੱਲੋਂ ਗਠਿਤ ਦੋ ਮੈਂਬਰੀ ਕਮੇਟੀ ਦੀ ਜਾਂਚ ਵਿੱਚ ਰੇਖਾ ਮਹਾਜਨ ਦੋਸ਼ੀ ਪਾਈ ਗਈ, ਜਿਸ ਤੋਂ ਬਾਅਦ ਕਮਿਸ਼ਨ ਨੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਰੇਖਾ ਮਹਾਜਨ ਖਿਲਾਫ਼ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

By  KRISHAN KUMAR SHARMA January 22nd 2026 03:13 PM -- Updated: January 22nd 2026 03:17 PM

Government School Muradpura Amritsar : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ (ਅੰਮ੍ਰਿਤਸਰ) ਦੀ ਪ੍ਰਿੰਸੀਪਲ ਰੇਖਾ ਮਹਾਜਨ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਕਮਿਸ਼ਨ ਵੱਲੋਂ ਇਹ ਨਿਰਦੇਸ਼ ਪ੍ਰਿੰਸੀਪਲ ਵੱਲੋਂ DPE ਅਧਿਆਪਕ ਜੋਰਇੰਦਰ ਸਿੰਘ ਖਿਲਾਫ ਵਰਤੀ ਗਈ ਜਾਤੀ ਸੂਚਕ ਸ਼ਬਦਾਵਲੀ ਨੂੰ ਲੈ ਕੇ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ, ਵਿਭਾਗ ਵੱਲੋਂ ਗਠਿਤ ਦੋ ਮੈਂਬਰੀ ਕਮੇਟੀ ਦੀ ਜਾਂਚ ਵਿੱਚ ਰੇਖਾ ਮਹਾਜਨ ਦੋਸ਼ੀ ਪਾਈ ਗਈ, ਜਿਸ ਤੋਂ ਬਾਅਦ ਕਮਿਸ਼ਨ ਨੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਰੇਖਾ ਮਹਾਜਨ ਖਿਲਾਫ਼ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਡਾਇਰੈਕਟਰ ਸੈਕੰਡਰੀ ਸਿੱਖਿਆ ਵਿਭਾਗ ਤੋਂ ਕੇਸ ਸਬੰਧੀ 29 ਜਨਵਰੀ ਨੂੰ ਨਿੱਜੀ ਪੇਸ਼ੀ ਦੌਰਾਨ ਰਿਪੋਰਟ ਤਲਬ ਕੀਤੀ ਹੈ। 


ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੇਸ ਸਬੰਧੀ ਦੋ ਤਰੀਕਾਂ ਤੇ ਸੁਣਵਾਈ ਕਮਿਸ਼ਨ ਕੋਰਟ ਵਿੱਚ ਹੋਈ ਹੈ। ਮੁਢਲੀ ਜਾਂਚ ਦੌਰਾਨ ਹੀ ਪ੍ਰਿੰਸੀਪਲ  ਰੇਖਾ ਮਹਾਜਨ ਦੋਸ਼ੀ ਪਾਈ ਗਈ ਸੀ, ਲੇਕਿਨ ਵਿਭਾਗੀ ਜਾਂਚ ਵਿੱਚ ਸਿੱਧ ਹੋ ਚੁੱਕਾ ਹੈ ਕਿ ਪ੍ਰਿੰਸੀਪਲ ਰੇਖਾ ਮਹਾਜਨ ਆਦਤਨ ਦੋਸ਼ੀ ਹੈ, ਇਸ ਲਈ ਵਿਭਾਗੀ ਕਾਰਵਾਈ ਲਈ ਲਿਖਿਆ ਗਿਆ ਹੈ। ਅਗਲੀਆਂ ਤਰੀਕਾਂ ਵਿੱਚ ਸੁਣਵਾਈ ਜਾਰੀ ਰਹੇਗੀ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਐਕਟ 1989 ਦੀ ਕਨੂੰਨੀ ਕਾਰਵਾਈ ਲਈ ਵੀ ਪੁਲਿਸ ਵਿਭਾਗ ਨੂੰ ਪਾਬੰਦ ਕੀਤਾ ਜਾਵੇਗਾ।

ਕਮਿਸ਼ਨ ਦੇ ਚੇਅਰਮੈਨ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨੀ ਦਾਇਰੇ ਦੀ ਪਾਲਣਾ ਕਰਨ। ਸਮੁੱਚੇ ਸਮਾਜ ਵਿੱਚ ਜਾਤੀ ਧਰਮ ਨਸਲ ਦੇ ਵਿਤਕਰੇ ਤੋਂ ਉੱਪਰ ਉੱਠਕੇ ਸਾਰੀਆਂ ਜਾਤਾਂ ਬਿਰਾਦਰੀਆਂ ਦੇ ਲੋਕਾਂ ਨਾਲ ਪ੍ਰੇਮ ਭਾਈਚਾਰੇ ਨਾਲ ਬਰਾਬਰਤਾ ਦਾ ਦਰਜਾ ਦਿੰਦੇ ਹੋਏ ਜੀਵਨ ਗੁਜਰ ਬਸਰ ਕਰਨ।

Related Post