Samana News : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ਚ ਪੰਜਾਬੀ ਪਿਓ-ਪੁੱਤਰ ਦੀ ਮੌਤ
Punjab Father-Son Accident in Canada : ਰਿਸ਼ਤੇਦਾਰਾਂ ਨੇ ਦੱਸਿਆ ਕਿ ਪਰਿਵਾਰ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਕਾਰ ਰਾਹੀਂ ਪਰਤ ਰਹੇ ਸਨ ਤਾਂ ਉਹਨਾਂ ਦੀ ਕਾਰ, ਇੱਕ ਟਰੱਕ ਨਾਲ ਟਕਰਾ ਗਈ, ਜਿਸ ਨਾਲ ਪ੍ਰਦੀਪ ਕੁਮਾਰ ਤੇ ਉਸਦੇ ਬੇਟੇ ਦੀ ਹਾਦਸੇ ਵਿੱਚ ਮੌਤ ਹੋ ਗਈ, ਜਦਕਿ ਪਤਨੀ ਜਖਮੀ ਹੋਈ ਹੈ।
Samana News : ਕੈਨੇਡਾ ਤੋਂ ਪੰਜਾਬ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਟਿਆਲਾ ਜ਼ਿਲ੍ਹੇ (Patiala News) ਦੇ ਸਮਾਣਾ ਦੇ ਪਿੰਡ ਫਤਿਹਗੜ੍ਹ ਛੰਨਾ ਦੇ ਪ੍ਰਦੀਪ ਕੁਮਾਰ ਦੇ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਦੌਰਾਨ ਪ੍ਰਦੀਪ ਕੁਮਾਰ ਤੇ ਉਸ ਦੇ ਪੁੱਤਰ ਪੁੱਤਰ ਹਿਆਸ ਦੀ ਮੌਤ ਹੋ ਗਈ ਹੈ, ਜਦਕਿ ਪਤਨੀ ਗੰਭੀਰ ਜ਼ਖ਼ਮੀ ਹੋ ਗਈ। (Punjabi father and son die in road accident)
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਮਾਣਾ ਦਾ ਪਿੰਡ ਫਤਿਹਗੜ੍ਹ ਛੰਨਾ ਦਾ ਰਹਿਣ ਵਾਲਾ ਪ੍ਰਦੀਪ ਕੁਮਾਰ ਸ਼ਰਮਾ 15 ਸਾਲ ਪਹਿਲਾਂ ਬਾਰ੍ਹਵੀਂ ਦੀ ਪੜ੍ਹਾਈ ਕਰਨ ਉਪਰੰਤ ਕੈਨੇਡਾ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇ ਲਈ ਸੁਪਨਾ ਲੈ ਕੇ ਗਿਆ ਸੀ ਅਤੇ ਉੱਥੇ ਜਾ ਕੇ ਹੀ ਉਸਦਾ ਵਿਆਹ ਦਿੱਲੀ ਦੀ ਇੱਕ ਲੜਕੀ ਅੰਸਲਾ ਨਾਲ ਹੋ ਗਿਆ ਅਤੇ ਉਹਨਾਂ ਦਾ ਇੱਕ ਬੇਟਾ ਪੈਦਾ ਹੋਇਆ। ਇਸ ਸਮੇਂ ਉਸ ਦੇ ਪੁੱਤਰ ਹਿਆਸ ਦੀ ਉਮਰ 7 ਸਾਲ ਦੇ ਕਰੀਬ ਸੀ।
ਉਨ੍ਹਾਂ ਦੱਸਿਆ ਕਿ ਪ੍ਰਦੀਪ ਕੁਮਾਰ ਆਪਣੇ ਬੱਚੇ ਤੇ ਪਤਨੀ ਨਾਲ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਉਣ ਦੇ ਲਈ ਅਮਰੀਕਾ ਗਿਆ, ਜਿੱਥੇ ਉਸਦੇ ਕੁਝ ਰਿਸ਼ਤੇਦਾਰ ਰਹਿੰਦੇ ਸਨ। ਇਸ ਦੌਰਾਨ ਵਾਪਸ ਕੈਨੇਡਾ ਦੇ ਵਿੱਚ ਕਾਰ ਰਾਹੀਂ ਪਰਤ ਰਹੇ ਸਨ ਤਾਂ ਉਹਨਾਂ ਦੀ ਕਾਰ, ਇੱਕ ਟਰੱਕ ਨਾਲ ਟਕਰਾ ਗਈ, ਜਿਸ ਨਾਲ ਪ੍ਰਦੀਪ ਕੁਮਾਰ ਅਤੇ ਉਸਦੇ ਬੇਟੇ ਦੀ ਇਸ ਹਾਦਸੇ ਵਿੱਚ ਮੌਤ ਹੋਈ ਹੈ, ਜਦਕਿ ਪਤਨੀ ਜਖਮੀ ਹੋਈ ਹੈ। ਉਸ ਨੂੰ ਕੈਨੇਡਾ ਦੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ।
ਪ੍ਰਦੀਪ ਕੁਮਾਰ ਦੀ ਮੌਤ ਨਾਲ ਜੱਦੀ ਪਿੰਡ ਫਤਿਹਗੜ੍ਹ ਛੰਨਾ ਵਿੱਚ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਚਾਚੀ ਕਰਮਜੀਤ ਨਾਲ ਗੱਲਬਾਤ ਕਰਨ 'ਤੇ ਉਹਨਾਂ ਨੇ ਕਿਹਾ ਕਿ ਸਾਡਾ ਬੱਚਾ ਬਹੁਤ ਸਮਝਦਾਰ ਸੀ। ਪਰਿਵਾਰ ਦੇ ਨਾਲ ਮਿਲਣਸਾਰ ਸੀ, ਜਿਸ ਦੇ ਚਲੇ ਜਾਣ ਕਾਰਨ ਪਰਿਵਾਰ ਨੂੰ ਹੋਇਆ ਘਾਟਾ ਉਹ ਕਦੀ ਪੂਰਾ ਨਹੀਂ ਹੋਵੇਗਾ।