ਪੰਜਾਬੀ ਗਾਇਕ ਲਖੇਸਰ ਦੇ ਗੀਤ ਤੇ ਵਿਵਾਦ, Sukhbir Singh Badal ਤੇ ਗਾਏ ਗੀਤ ਦੇ ਬੋਲ ਹਟਾਏ, ਅਕਾਲੀ ਦਲ ਨੇ ਘੇਰੀ ਸਰਕਾਰ
Singer Raman Lakhesar : ਵਿਵਾਦ ਇਸ ਲਈ ਪੈਦਾ ਹੋਇਆ ਕਿਉਂਕਿ ਇਨ੍ਹਾਂ ਸਤਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚੜ੍ਹਾਈ ਕਰਨ ਲਈ ਉਨ੍ਹਾਂ ਉਪਰ ਗਾਇਆ ਮੰਨਿਆ ਗਿਆ ਹੈ। ਦੱਸ ਦਈਏ ਕਿ ਪਹਿਲਾਂ ਰਿਲੀਜ਼ ਮੌਕੇ ਵੀ ਗੀਤ 'ਚ ਬਾਦਲਾਂ ਦਾ ਨਾਮ ਲੈਣ ਨੂੰ ਲੈ ਕੇ ਵਿਵਾਦ ਹੋਇਆ ਸੀ।
My World 2 Song Controversy : ਪੰਜਾਬ ਦੀ ਰਾਜਨੀਤੀ ਨੂੰ ਹੁਣ ਗੀਤ ਵੀ ਰਾਸ ਨਹੀਂ ਆ ਰਹੇ ਹਨ, ਜਿਸ ਦੀ ਉਦਾਹਰਨ ਪੰਜਾਬੀ ਗਾਇਕ ਰਮਨ ਲਖੇਸਰ (Singer Raman Lakhesar) ਦੇ ਗੀਤ ਤੋਂ ਮਿਲਦੀ ਹੈ। ਗਾਇਕ ਰਮਨ ਦੇ ਗੀਤ 'ਤੇ ਵਿਵਾਦ ਤੋਂ ਬਾਅਦ ਉਸ ਨੇ ਗੀਤ ਵਿਚੋਂ 'ਬਾਦਲਾਂ ਦਾ ਗੜ੍ਹ ਲੰਬੀ ਬੱਲੀਏ...' ਬੋਲਾਂ ਨੂੰ ਹਟਾ ਦਿੱਤਾ ਹੈ। ਵਿਵਾਦ ਇਸ ਲਈ ਪੈਦਾ ਹੋਇਆ ਕਿਉਂਕਿ ਇਨ੍ਹਾਂ ਸਤਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੀ ਚੜ੍ਹਾਈ ਕਰਨ ਲਈ ਉਨ੍ਹਾਂ ਉਪਰ ਗਾਇਆ ਮੰਨਿਆ ਗਿਆ ਹੈ। ਦੱਸ ਦਈਏ ਕਿ ਪਹਿਲਾਂ ਰਿਲੀਜ਼ ਮੌਕੇ ਵੀ ਗੀਤ 'ਚ ਬਾਦਲਾਂ ਦਾ ਨਾਮ ਲੈਣ ਨੂੰ ਲੈ ਕੇ ਵਿਵਾਦ ਹੋਇਆ ਸੀ।
ਗਾਇਕ ਰਮਨ ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ 'ਤੇ ਗਾਏ ਇਸ ਗੀਤ ਦੇ ਬੋਲਾਂ "ਜਾਣਦਾ ਨਿਆਣਾ ਕੀ ਸਿਆਣਾ ਬੱਲੀਏ, ਬਾਦਲ ਦਾ ਗੜ੍ਹ ਠਾਣਾ ਲੰਬੀ ਬੱਲੀਏ" ਵਾਲੀ ਲਾਈਨ ਨੂੰ ਹਟਾ ਦਿੱਤਾ ਹੈ। ਹਾਲਾਂਕਿ, ਉਸ ਨੇ ਦਾਅਵਾ ਕੀਤਾ ਕਿ ਕਿਸੇ ਨੇ ਵੀ ਉਸਨੂੰ ਇਹ ਲਾਈਨ ਜੋੜਨ ਲਈ ਮਜਬੂਰ ਨਹੀਂ ਕੀਤਾ ਸੀ, ਸਗੋਂ ਉਹ ਇਲਾਕੇ ਦਾ ਵਸਨੀਕ ਸੀ, ਇਸ ਲਈ ਇਹ ਲਾਈਨ ਕੁਦਰਤੀ ਉਸ ਦੇ ਦਿਮਾਗ ਵਿੱਚ ਆਈ ਸੀ ਤਾਂ ਇਸਨੂੰ ਗੀਤ ਵਿੱਚ ਸ਼ਾਮਲ ਕੀਤਾ ਗਿਆ ਸੀ। ਗਾਇਕ ਨੇ ਬਾਦਲਾਂ ਦੀ ਪ੍ਰਸ਼ੰਸਾ ਕਰਨ ਤੋਂ ਵੀ ਇਨਕਾਰ ਕੀਤਾ।
ਗੀਤ 'ਚੋਂ 'Badlan da Garh' ਸ਼ਬਦ ਹਟਵਾਉਣ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਘੇਰੀ ਸਰਕਾਰ
ਉਧਰ, ਯੂਥ ਅਕਾਲੀ ਦਲ ਨੇ ਇਸ ਮੁੱਦੇ 'ਤੇ 'ਆਪ' ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ 'ਆਪ' ਦੀ ਸ਼ਹਿ 'ਤੇ ਗੀਤ ਵਿੱਚੋਂ 'ਬਾਦਲਾਂ ਦਾ ਗੜ੍ਹ' ਸ਼ਬਦ ਹਟਾਇਆ ਗਿਆ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਨੇ ਐਕਸ 'ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਸਰਕਾਰ ਬਾਦਲਾਂ ਦੇ ਨਾਮ ਤੋਂ ਬੁਖਲਾਹਟ 'ਚ ਆ ਚੁੱਕੀ ਹੈ। ਹੁਣ ਗੀਤਾਂ 'ਤੇ 'ਸੈਂਸਰਸ਼ਿਪ' ਵਰਗਾ ਕੰਮ ਕੀਤਾ ਜਾ ਰਿਹਾ ਹੈ।
'ਸਰਕਾਰ ਪ੍ਰੇਸ਼ਾਨ ਸੀ, ਜਿਸ ਕਾਰਨ ਯੂਟਿਊਬ ਤੋਂ ਲਾਈਨ ਨੂੰ ਹਟਵਾਇਆ'
ਉਨ੍ਹਾਂ ਸੋਸ਼ਲ ਮੀਡੀਆ 'ਤੇ ਕਿਹਾ ਕਿ ਗੀਤ ਵਿੱਚੋਂ ਇੱਕ ਲਾਈਨ ਹਟਾਉਣ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਹੀਂ ਬਦਲ ਸਕਦੀਆਂ। ਦੱਸ ਦੇਈਏ ਕਿ 9 ਮਹੀਨੇ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ 20 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਸ਼ਬਦਾਂ ਨੂੰ ਬੋਲਾਂ ਵਿੱਚੋਂ ਕਿਉਂ ਹਟਾਇਆ ਗਿਆ। ਉਨ੍ਹਾਂ ਇਸਨੂੰ ਬੋਲਣ ਦੀ ਆਜ਼ਾਦੀ 'ਤੇ ਹਮਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਧਦੀ ਲੋਕਪ੍ਰਿਅਤਾ ਦਾ ਡਰ ਦੱਸਿਆ। ਉਨ੍ਹਾਂ ਕਿਹਾ ਕਿ ਲੰਬੀ ਨੂੰ ਬਾਦਲਾਂ ਦਾ ਗੜ੍ਹ ਕਹਿਣਾ ਕੋਈ ਅਪਰਾਧ ਨਹੀਂ ਹੈ; ਸਗੋਂ ਇਹ ਇਲਾਕੇ ਦੀ ਇਤਿਹਾਸਕ ਅਤੇ ਰਾਜਨੀਤਿਕ ਹਕੀਕਤ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨੌਜਵਾਨ ਇਸ ਗੀਤ ਨੂੰ ਉਤਸ਼ਾਹ ਨਾਲ ਚਲਾ ਰਹੇ ਹਨ, ਵਿਆਹਾਂ, ਫੋਨਾਂ ਅਤੇ ਵਾਹਨਾਂ ਵਿੱਚ ਚਲਾਇਆ ਜਾ ਰਿਹਾ ਹੈ, ਪਰ ਸਰਕਾਰ ਬਹੁਤ ਪਰੇਸ਼ਾਨ ਸੀ, ਜਿਸ ਕਾਰਨ ਇਸ ਲਾਈਨ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ।