ਪੰਜਾਬੀ ਯੂਨੀਵਰਸਿਟੀ ਵੱਲੋਂ ਮਹਾਨਕੋਸ਼ ਦੀ ਬੇਅਦਬੀ ਅਤਿ ਨਿੰਦਣਯੋਗ ਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ : ਜਥੇਦਾਰ ਕੁਲਦੀਪ ਸਿੰਘ ਗੜਗੱਜ

Jathedar Kuldeep Singh on Mahankosh : ਜਥੇਦਾਰ ਗੜਗੱਜ ਨੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੀ ਕੈਂਪਸ 'ਚ ਮੌਜੂਦ ਗੁ. ਸਾਹਿਬ ਦੇ ਅੰਦਰ ਇਸ ਘਟਨਾ ਦੇ ਪਸ਼ਤਾਚਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਕੇ ਗੁਰੂ ਸਾਹਿਬ ਜੀ ਤੋਂ ਖਿਮਾ ਜਾਚਨਾ ਤੇ ਅਰਦਾਸ ਬੇਨਤੀ ਕਰਨ ਦੀ ਤਾਕੀਦ ਕੀਤੀ।

By  KRISHAN KUMAR SHARMA August 29th 2025 10:16 AM -- Updated: August 29th 2025 10:20 AM

Jathedar Kuldeep Singh on Mahankosh : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਵੱਲੋਂ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ (Sikh scholar Bhai Kahn Singh Nabha) ਵੱਲੋਂ ਰਚਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਦੀ ਕੀਤੀ ਗਈ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਕਾਰਵਾਈ ਨੂੰ ਅਤਿ ਨਿੰਦਣਯੋਗ ਅਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਸਿੱਖਾਂ ਦੀ ਅਤਿ ਅਹਿਮ ਵਿਰਾਸਤ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਹਵਾਲੇ ਵੀ ਦਿੱਤੇ ਗਏ ਹਨ ਅਤੇ ਇਸ ਤੋਂ ਪੁਰਾਤਨ ਇਤਿਹਾਸ ਤੇ ਸਰੋਤਾਂ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਸਾਹਿਤ ਦਾ ਇੱਕ ਅਨਮੋਲ ਖਜਾਨਾ ਹੈ ਜੋ ਕਿ ਸਿੱਖ ਇਤਿਹਾਸ ਦੀ ਖੋਜ ਵਿੱਚ ਦਿਲਚਲਪੀ ਰੱਖਣ ਵਾਲੇ ਖੋਜਾਰਥੀਆਂ ਨੂੰ ਅੱਜ ਵੀ ਸੇਧ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਬੀਤੇ ਸਮੇਂ ਤਰੁੱਟੀਆਂ ਸਮੇਤ ਮਹਾਨਕੋਸ਼ ਪ੍ਰਕਾਸ਼ਿਤ ਕੀਤੇ ਗਏ ਸਨ, ਜਿਸਦਾ ਸਿੱਖ ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਨੇ ਸਖ਼ਤ ਵਿਰੋਧ ਕੀਤਾ ਸੀ ਅਤੇ ਇਹ ਮਾਮਲਾ ਪੰਜਾਬ ਹਰਿਆਣਾ ਉੱਚ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਇਸ ਉੱਤੇ ਰੋਕ ਲੱਗੀ ਸੀ। ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਤਰੁੱਟੀਆਂ ਨਾਲ ਪ੍ਰਕਾਸ਼ਿਤ ਕੀਤੇ ਸਿੱਖ ਸਾਹਿਤ ਦੀ ਸਸਕਾਰ ਸੇਵਾ ਕਰਨੀ ਸੀ ਤਾਂ ਇਸ ਲਈ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਰਕੇ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਸਨ ਨਾ ਕਿ ਸਿੱਖ ਰਵਾਇਤ ਤੇ ਮਰਯਾਦਾ ਦੇ ਉਲਟ ਕਾਰਵਾਈ ਕਰਨੀ ਚਾਹੀਦੀ ਸੀ।

ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਪਹਿਲਾਂ ਆਪਹੁਦਰੀ ਕਾਰਵਾਈ ਕਰਦਿਆਂ ਸਿੱਖ ਸਾਹਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਨੂੰ ਸਿੱਖ ਵਿਦਵਾਨਾਂ ਦੇ ਵਿਰੋਧ ਦੇ ਬਾਵਜੂਦ ਇਸ ਨੂੰ ਤਰੁੱਟੀਆਂ ਸਮੇਤ ਪ੍ਰਕਾਸ਼ਿਤ ਕੀਤਾ ਅਤੇ ਹੁਣ ਆਪਣੀ ਕੀਤੀਆਂ ਗਲਤੀਆਂ ਉੱਤੇ ਪਰਦਾ ਪਾਉਣ ਲਈ ਬਹੁਤ ਹੀ ਇਤਰਾਜ਼ਯੋਗ ਤਰੀਕਾ ਵਰਤਿਆ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਯੂਨੀਵਰਸਿਟੀ ਅਧਿਕਾਰੀਆਂ ਦੀ ਬੌਧਿਕ ਸਮਝ ਅਤੇ ਉਨ੍ਹਾਂ ਦੀ ਸਿੱਖ ਵਿਰਾਸਤ ਤੇ ਸਾਹਿਤ ਪ੍ਰਤੀ ਘੱਟ ਸੂਝ ਨੂੰ ਦਰਸਾਉਂਸੀ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਪਹਿਲਾਂ ਪੰਜਾਬੀ ਯੂਨੀਵਰਸਿਟੀ ਵਿੱਚ ਡਾ. ਗੰਡਾ ਸਿੰਘ ਪੰਜਾਬੀ ਰੈਫ਼ਰੈਂਸ ਲਾਇਬਰੇਰੀ ਵਿਖੇ ਵੀ ਦੁਰਲੱਭ ਤੇ ਅਤਿ ਅਹਿਮ ਸਿੱਖ ਸਾਹਿਤ ਦੀ ਸੇਵਾ ਸੰਭਾਲ ਠੀਕ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਸਿੱਖਾਂ ਨੂੰ ਇਸ ਗੱਲ ਦੀ ਗਹਿਰੀ ਚਿੰਤਾ ਹੈ ਕਿ ਜਿਹੜੇ ਮਹਾਨ ਸਿੱਖ ਵਿਦਵਾਨਾਂ ਦੀ ਨਿੱਜੀ ਲਾਇਬਰੇਰੀਆਂ ਦਾ ਸੰਗ੍ਰਹਿ ਯੂਨੀਵਰਸਿਟੀ ਦੇ ਪਾਸ ਸੁਰੱਖਿਅਤ ਹੈ ਕੀ ਉਨ੍ਹਾਂ ਦੀ ਸੇਵਾ ਸੰਭਾਲ ਠੀਕ ਹੋ ਰਹੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਰੈਫ਼ਰੈਂਸ ਲਾਇਬਰੇਰੀ ਵਿੱਚ ਸਿੱਖ ਵਿਦਵਾਨਾਂ ਤੇ ਚਿੰਤਕਾਂ ਦੀਆਂ ਦੁਰਲੱਭ ਪੁਸਤਕਾਂ ਤੇ ਦਸਤਾਵੇਜ਼ਾਂ ਦੀ ਸਾਂਭ-ਸੰਭਾਲ ਲਈ ਵੀ ਖ਼ਾਸ ਅਤੇ ਢੁਕਵਾਂ ਪ੍ਰਬੰਧ ਨਹੀਂ ਹੈ, ਕਾਫ਼ੀ ਵਿਰਾਸਤ ਇੱਥੋਂ ਜਾਂ ਤਾਂ ਚੋਰੀ ਹੋਈ ਹੈ ਜਾਂ ਫਿਰ ਰੱਦੀ ਵਿੱਚ ਵੇਚ ਦਿੱਤੀ ਗਈ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹ ਸਪੱਸ਼ਟ ਕਰਨ ਲਈ ਆਖਿਆ ਕਿ ਇਨ੍ਹਾਂ ਕੋਲ ਲਾਇਬਰੇਰੀ ਵਿੱਚ ਮੌਜੂਦ ਪੁਰਾਤਨ ਤੇ ਇਤਿਹਾਸਕ ਸਿੱਖ ਹੱਥ-ਲਿਖਤਾਂ, ਗ੍ਰੰਥਾਂ ਤੇ ਦੁਰਲੱਭ ਪੁਸਤਕਾਂ ਦੀ ਸਾਂਭ-ਸੰਭਾਲ ਲਈ ਕੀ ਕੀਤਾ ਜਾ ਰਿਹਾ ਹੈ ਕਿਉਂਕਿ ਕਿ ਇਹ ਜਾਣਕਾਰੀ ਵੀ ਪ੍ਰਾਪਤ ਹੋ ਰਹੀ ਹੈ ਕਿ ਲਾਇਬਰੇਰੀ ਦਾ ਹਾਲ ਚੰਗਾ ਨਹੀਂ।

ਜਥੇਦਾਰ ਗੜਗੱਜ ਨੇ ਕਿ ਕਿਹਾ ਕਿ ਮਹਾਨਕੋਸ਼ ਦੀ ਬੇਅਦਬੀ ਦੇ ਮਾਮਲੇ ਵਿੱਚ ਸਿੱਖ ਵਿਦਿਆਰਥੀਆਂ ਅਤੇ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ ਤੇ ਪਬਲੀਕੇਸ਼ਨ ਬਿਊਰੋ ਦੇ ਮੁਖੀ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਪੰਜਾਬ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣੀ ਯਕੀਨੀ ਬਣਾਵੇ। ਉਨ੍ਹਾਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਮੁੱਖ ਗ੍ਰੰਥੀ ਨੂੰ ਆਦੇਸ਼ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਜਿੱਥੇ ਇਹ ਗਲਤ ਕਾਰਵਾਈ ਕੀਤੀ ਗਈ ਹੈ, ਉੱਥੇ ਮੌਜੂਦ ਮਹਾਨਕੋਸ਼ ਦੀਆਂ ਸਾਰੀਆਂ ਕਾਪੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਲੈ ਕੇ ਢੁਕਵੀਂ ਥਾਂ ਉੱਤੇ ਸਸਕਾਰ ਸੇਵਾ ਆਪਣੀ ਨਿਗਰਾਨੀ ਵਿੱਚ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਸਕਾਰ ਸੇਵਾ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ ਇਸ ਦੀ ਸਮੁੱਚੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤੁਰੰਤ ਹੀ ਭੇਜੀ ਜਾਵੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੀ ਯੂਨੀਵਰਸਿਟੀ ਕੈਂਪਸ ਵਿੱਚ ਮੌਜੂਦ ਗੁਰਦੁਆਰਾ ਸਾਹਿਬ ਦੇ ਅੰਦਰ ਇਸ ਘਟਨਾ ਦੇ ਪਸ਼ਤਾਚਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਕੇ ਗੁਰੂ ਸਾਹਿਬ ਜੀ ਤੋਂ ਖਿਮਾ ਜਾਚਨਾ ਅਤੇ ਅਰਦਾਸ ਬੇਨਤੀ ਕਰਨ ਦੀ ਤਾਕੀਦ ਕੀਤੀ। ਜਥੇਦਾਰ ਗੜਗੱਜ ਨੇ ਸਮੂਹ ਸਿੱਖ ਜਥੇਬੰਦੀਆਂ ਤੇ ਵਿਦਿਆਰਥੀਆਂ ਨੂੰ ਸ਼ਾਂਤਮਈ ਰਹਿਣ ਦੀ ਅਪੀਲ ਕੀਤੀ।

Related Post