Punjab Health Department : 2 ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ NHM ਮੁਲਾਜ਼ਮ, ਕਲਮਛੋੜ ਹੜਤਾਲ ਕੀਤੀ ਸ਼ੁਰੂ

Punjab Health Department : ਯੂਨੀਅਨ ਆਗੂਆਂ ਨੇ ਕਿਹਾ ਕਿ ਕਿਹਾ ਕਿ ਵਾਰ-ਵਾਰ ਸਿਹਤ ਮੰਤਰੀ ਅਤੇ ਸਟੇਟ ਲੈਵਲ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਉਪਰੰਤ ਵੀ ਉਹਨਾਂ ਦੀਆਂ ਸਮੱਸਿਆਂਵਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਯੂਨੀਅਨ ਨੂੰ ਮਜਬੂਰਨ ਕਰੜੇ ਸੰਘਰਸ਼ ਦਾ ਰਸਤਾ ਅਪਣਾਉਣਾ ਪੈ ਰਿਹਾ ਹੈ।

By  KRISHAN KUMAR SHARMA December 1st 2025 12:19 PM -- Updated: December 1st 2025 12:27 PM

Punjab Health Department : ਸਿਹਤ ਵਿਭਾਗ ਵਿੱਚ ਯੋਗ ਪ੍ਰਣਾਲੀ ਰਾਹੀ ਭਰਤੀ ਕੀਤੇ ਨੈਸ਼ਨਲ ਹੈਲਥ ਮਿਸ਼ਨ (National Health Mission) ਅਧੀਨ ਪਿਛਲੇ 15-20 ਸਾਲਾਂ ਤੋਂ ਠੇਕੇ 'ਤੇ ਕੰਮ ਕਰਦੇ ਕੱਚੇ ਸਿਹਤ ਮੁਲਾਜ਼ਮਾਂ ਨਾਲ ਪੱਕੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਚ ਸਿਹਤ ਵਿਭਾਗ 'ਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਲਗਪਗ ਦੋ ਮਹੀਨੇ ਤੋਂ ਤਨਖਾਹਾਂ ਤੋ ਵੀ ਸੱਖਣੇ ਹਨ। ਇਸ ਕਾਰਨ ਨੈਸ਼ਨਲ ਹੈਲਥ ਮਿਸ਼ਨ ਦੇ ਸਮੂਹ ਮੁਲਾਜ਼ਮਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਯੂਨੀਅਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾਂ ਹੀ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਨ ਉਹਨਾਂ ਨੂੰ ਭਾਰੀ ਆਰਥਿਕ ਮੰਦਹਾਲੀ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਨੀਅਰ ਆਗੂ ਸੰਦੀਪ ਕੌਰ ਬਰਨਾਲਾ, ਗੁਲਸ਼ਨ ਸ਼ਰਮਾ ਅਤੇ ਡਾਕਟਰ ਵਾਹਿਦ ਨੇ ਕਿਹਾ ਕਿ ਵਾਰ-ਵਾਰ ਸਿਹਤ ਮੰਤਰੀ ਅਤੇ ਸਟੇਟ ਲੈਵਲ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਉਪਰੰਤ ਵੀ ਉਹਨਾਂ ਦੀਆਂ ਸਮੱਸਿਆਂਵਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਯੂਨੀਅਨ ਨੂੰ ਮਜਬੂਰਨ ਕਰੜੇ ਸੰਘਰਸ਼ ਦਾ ਰਸਤਾ ਅਪਣਾਉਣਾ ਪੈ ਰਿਹਾ ਹੈ, ਜਿਸ ਦੇ ਸਿੱਟੇ ਵਜੋਂ 1 ਦਸੰਬਰ 2025 ਤੋਂ ਸਮੂਹ ਐਨ ਐਚ ਐਮ ਮੁਲਾਜ਼ਮ ਵੱਲੋਂ ਪੈਨ ਡਾਊਨ ਹੜਤਾਲ ਕਰਦੇ ਹੋਏ ਆਪਣਾ ਰੋਸ ਪ੍ਰਦਰਸ਼ਨ ਦਾ ਫੈਸਲਾ ਲਿਆ ਹੈ। ਇਹ ਰੋਸ ਪ੍ਰਦਰਸ਼ਨ ਉਹਨਾਂ ਸਮਾਂ ਜਾਰੀ ਰਹਿਣਗੇ, ਜਿੰਨਾ ਸਰਕਾਰ ਉਹਨਾਂ ਦੀਆਂ ਰੁਕੀਆਂ ਹੋਈਆਂ ਤਨਖਾਹਾਂ ਜਾਰੀ ਨਹੀਂ ਕਰਦੀ ਅਤੇ ਤਨਖਾਹਾਂ ਜ਼ਾਰੀ ਕਰਨ ਲਈ ਕੋਈ ਠੋਸ ਰਣਨੀਤੀ ਨਹੀਂ ਬਣਾਉਂਦੀ।

ਜਸਵੀਰ ਸਿੰਘ ਤਰਨਤਾਰਨ ਅਤੇ ਰਾਮ ਸਿੰਘ ਕਪੂਰਥਲਾ ਨੇ ਸਾਝੀ ਆਵਾਜ਼ 'ਚ ਕਿਹਾ ਕਿ ਸਰਕਾਰ ਨੂੰ ਇਸ ਸਮੱਸਿਆ ਦਾ ਸਾਰਥਕ ਹੱਲ ਕਰਦੇ ਹੋਏ ਹਰ ਮਹੀਨੇ ਦੀ 5 ਤਰੀਕ ਤੱਕ ਤਨਖਾਹਾਂ ਜਾਰੀਆਂ ਕਰਨੀਆਂ ਯਕੀਨੀ ਬਣਾਈਆ ਜਾਣ ਅਤੇ ਨਾਲ ਹੀ ਕਾਫੀ ਲੰਮੇ ਸਮੇਂ ਤੋਂ ਅਧੂਰੀਆਂ ਮੰਗਾਂ, ਜਿਵੇਂ ਕਿ ਬਰਾਬਰ ਕੰਮ ਬਰਾਬਰ ਤਨਖਾਹ, ਗ੍ਰੈਚੂਟੀ ਆਦਿ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ।

ਕਰਮਚਾਰੀਆਂ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਜੇਕਰ ਸਰਕਾਰ ਜਲਦੀ ਉਹਨਾਂ ਦੀਆਂ ਜਾਇਜ ਵਿੱਤੀ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਨਹੀਂ ਕਰਦੀ ਤਾਂ ਐਨਐਚਐਮ ਯੂਨੀਅਨ ਵੱਲੋਂ ਸਰਕਾਰ ਦਾ ਹਰ ਮੋੜ 'ਤੇ ਘੇਰਾਓ ਕੀਤਾ ਜਾਵੇਗਾ। ਇਸ ਮੌਕੇ  ਦਿਨੇਸ਼ ਗਰਗ ਪਟਿਆਲਾ, ਵਿਕਰਮ ਜੀਤ ਸਿੰਘ ਮਲੇਰਕੋਟਲਾ, ਜਸਵੀਰ ਸਿੰਘ ਤਰਨਤਾਰਨ, ਮਨਦੀਪ ਸਿੰਘ ਤਰਨਤਾਰਨ, ਅਮਰਜੀਤ ਫਤਿਹਗੜ੍ਹ ਸਾਹਿਬ, ਡਾਕਟਰ ਸਿਮਰਪਾਲ ਮੋਗਾ, ਰਣਜੀਤ ਕੌਰ ਬਠਿੰਡਾ, ਗੁਰਪ੍ਰੀਤ ਸਿੰਘ ਭੁੱਲਰ ਮੁਕਤਸਰ, ਡਾਕਟਰ ਸ਼ਿਵਰਾਜ ਲੁਧਿਆਣਾ, ਡਾਕਟਰ ਪੰਖੁੜੀ ਜਲੰਧਰ, ਅਮਨਦੀਪ ਕੌਰ ਨਵਾਂ ਸਹਿਰ, ਆਦਿ ਆਗੂ ਹਾਜਰ ਸਨ।

Related Post