ਪੁਤਿਨ ਦੀ ਪੱਛਮ ਨੂੰ ਚੇਤਾਵਨੀ, 'ਰੂਸ-ਨਾਟੋ ਸੰਘਰਸ਼ ਤੀਜੇ ਵਿਸ਼ਵ ਯੁੱਧ ਤੋਂ ਸਿਰਫ਼ ਇੱਕ ਕਦਮ ਦੂਰ'

By  Jasmeet Singh March 18th 2024 02:49 PM

Putin warns of World War 3: ਰੂਸ-ਯੂਕਰੇਨ ਯੁੱਧ 1962 ਦੇ ਕਿਊਬਾ ਮਿਜ਼ਾਈਲ ਸੰਕਟ ਤੋਂ ਬਾਅਦ ਪੱਛਮੀ ਦੇਸ਼ਾਂ ਨਾਲ ਮਾਸਕੋ ਦੇ ਸਬੰਧਾਂ ਵਿੱਚ ਸਭ ਤੋਂ ਗੰਭੀਰ ਤਣਾਅ ਦਾ ਕਾਰਨ ਬਣਿਆ ਹੈ। TASS ਦੇ ਮੁਤਾਬਕ ਪੁਤਿਨ ਨੇ ਅਕਸਰ ਪ੍ਰਮਾਣੂ ਯੁੱਧ ਦੀਆਂ ਧਮਕੀਆਂ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਉਸ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ ਉਸ ਨੇ ਕਦੇ ਵੀ ਯੂਕਰੇਨ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨਾ ਜ਼ਰੂਰੀ ਨਹੀਂ ਸਮਝਿਆ।

ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਪੁਤਿਨ ਦਾ ਸੰਦੇਸ਼

ਰਾਸ਼ਟਰਪਤੀ ਚੋਣ ਵਿੱਚ ਆਪਣੀ ਜਿੱਤ ਤੋਂ ਬਾਅਦ ਪੁਤਿਨ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਭਵਿੱਖ ਵਿੱਚ ਰੂਸ ਅਤੇ ਨਾਟੋ ਦਰਮਿਆਨ ਸਿੱਧੇ ਟਕਰਾਅ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ, ਹਾਲਾਂਕਿ ਰੂਸ ਇਸ ਵਿੱਚ ਕੋਈ ਵੀ ਦਿਲਚਸਪੀ ਨਹੀਂ ਰੱਖਦਾ ਹੈ। ਉਸ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਆਧੁਨਿਕ ਸੰਸਾਰ ਵਿੱਚ ਸਭ ਕੁਝ ਸੰਭਵ ਹੈ। ਪਰ ਇਹ ਪੂਰੇ ਪੈਮਾਨੇ ਦੇ ਵਿਸ਼ਵ ਯੁੱਧ III ਤੋਂ ਇੱਕ ਕਦਮ ਦੂਰ ਹੋਵੇਗਾ। ਮੈਨੂੰ ਲੱਗਦਾ ਹੈ ਕਿ ਇਹ ਅਸੰਭਵ ਹੈ। ਕੀ ਕਿਸੇ ਨੂੰ ਇਸ ਵਿਚ ਦਿਲਚਸਪੀ ਹੈ?"

ਯੂਕਰੇਨ ਹਮਲਾ 

ਰੂਸ 'ਚ 15-17 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਯੂਕਰੇਨ ਨੇ ਰੂਸ ਖਿਲਾਫ ਆਪਣੇ ਹਮਲੇ ਤੇਜ਼ ਕਰ ਦਿੱਤੇ ਸਨ। ਕੀਵ ਵੱਲੋਂ ਸਰਹੱਦੀ ਖੇਤਰ 'ਚ ਵੱਡੀ ਗਿਣਤੀ 'ਚ ਫੌਜ ਭੇਜਣ 'ਤੇ ਪੁਤਿਨ ਨੇ ਕਿਹਾ ਕਿ ਕੁਝ ਥਾਵਾਂ 'ਤੇ '5 ਹਜ਼ਾਰ ਤੱਕ ਲੋਕ' ਮੌਜੂਦ ਹਨ। ਰਸ਼ੀਅਨ ਵਾਲੰਟੀਅਰ ਕੋਰ (ਰਸ਼ੀਅਨ ਫੈਡਰੇਸ਼ਨ ਵਿੱਚ ਇੱਕ ਅੱਤਵਾਦੀ ਸੰਗਠਨ ਵਜੋਂ ਮਾਨਤਾ ਪ੍ਰਾਪਤ) ਅਤੇ ਸਮਾਨ ਸਮੂਹਾਂ ਵਿੱਚ 2.5 ਹਜ਼ਾਰ ਸ਼ਾਮਲ ਹਨ।

87.17 ਫੀਸਦੀ ਵੋਟਾਂ ਮਿਲੀਆਂ

ਰੂਸ ਸਥਿਤ TASS ਨੇ ਰੂਸੀ ਸੰਘ ਦੇ ਕੇਂਦਰੀ ਚੋਣ ਕਮਿਸ਼ਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੁਤਿਨ ਨੇ ਰਾਸ਼ਟਰਪਤੀ ਚੋਣ 87.17 ਪ੍ਰਤੀਸ਼ਤ ਵੋਟ ਪ੍ਰਾਪਤ ਕਰ ਕੇ ਜਿੱਤ ਲਈ ਹੈ। ਕਮਿਊਨਿਸਟ ਪਾਰਟੀ ਆਫ ਰਸ਼ੀਅਨ ਫੈਡਰੇਸ਼ਨ ਦੇ ਉਮੀਦਵਾਰ ਨਿਕੋਲਾਈ ਖਾਰੀਤੋਨੋਵ 4.1 ਫੀਸਦੀ ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ, ਜਦੋਂ ਕਿ ਨਿਊ ਪੀਪਲਜ਼ ਪਾਰਟੀ ਦੇ ਉਮੀਦਵਾਰ ਵਲਾਦਿਸਲਾਵ ਦਾਵਾਨਕੋਵ 4.8 ਫੀਸਦੀ ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ।

ਲਿਬਰਲ ਡੈਮੋਕ੍ਰੇਟਿਕ ਪਾਰਟੀ ਆਫ ਰਸ਼ੀਆ ਦੇ ਉਮੀਦਵਾਰ ਲਿਓਨਿਡ ਸਲੂਟਸਕੀ ਨੂੰ ਗਿਣੀਆਂ ਗਈਆਂ ਵੋਟਾਂ 'ਚੋਂ ਸਿਰਫ 3.15 ਫੀਸਦੀ ਵੋਟਾਂ ਮਿਲੀਆਂ। ਐਤਵਾਰ ਸ਼ਾਮ 6 ਵਜੇ ਤੱਕ ਦੇ ਮੁਢਲੇ ਅੰਕੜਿਆਂ ਮੁਤਾਬਕ ਪਹਿਲੀ ਵਾਰ 15-17 ਮਾਰਚ ਤੱਕ ਤਿੰਨ ਦਿਨ ਚੱਲੀਆਂ ਰਾਸ਼ਟਰਪਤੀ ਚੋਣਾਂ 'ਚ ਵੋਟਿੰਗ ਫੀਸਦੀ 74.22 ਫੀਸਦੀ ਰਹੀ।

ਇਹ ਵੀ ਪੜ੍ਹੋ: 

Related Post