Six-Hitting Record: ਰੋਹਿਤ ਸ਼ਰਮਾ ਨੇ ਫਾਈਨਲ ਵਿੱਚ ਕ੍ਰਿਸ ਗੇਲ ਦਾ ਤੋੜਿਆ ਰਿਕਾਰਡ, ਆਸਟਰੇਲੀਆ ਖ਼ਿਲਾਫ਼ ਸਭ ਤੋਂ ਵੱਧ ਛੱਕੇ ਲਾਏ

By  Amritpal Singh November 19th 2023 07:25 PM

Six-Hitting Record: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਜਾ ਰਹੇ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦੇ ਫਾਈਨਲ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ। ਸਿਕਸਰ ਕਿੰਗ ਰੋਹਿਤ ਨੇ ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਕ੍ਰਿਸ ਗੇਲ ਦਾ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਤੋੜ ਦਿੱਤਾ ਹੈ।

ਰੋਹਿਤ ਨੇ ਹੁਣ ਵਨਡੇ ਕ੍ਰਿਕਟ 'ਚ ਕਿਸੇ ਵੀ ਵਿਰੋਧੀ ਟੀਮ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਲਗਾਏ ਹਨ। ਇਸ ਹਿਟਮੈਨ ਨੇ ਹੁਣ 50 ਓਵਰਾਂ ਦੇ ਫਾਰਮੈਟ 'ਚ ਆਸਟ੍ਰੇਲੀਆ ਖਿਲਾਫ 86 ਛੱਕੇ ਜੜੇ ਹਨ ਅਤੇ ਇਸ ਦੇ ਨਾਲ ਹੀ ਉਸ ਨੇ ਗੇਲ ਦਾ ਇਕ ਟੀਮ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਤੋੜ ਦਿੱਤਾ ਹੈ। ਰੋਹਿਤ ਤੋਂ ਪਹਿਲਾਂ ਗੇਲ ਨੇ ਵਨਡੇ ਕ੍ਰਿਕਟ 'ਚ ਇੰਗਲੈਂਡ ਖਿਲਾਫ ਸਭ ਤੋਂ ਜ਼ਿਆਦਾ 85 ਛੱਕੇ ਲਗਾਏ ਸਨ।

ਰੋਹਿਤ ਅਤੇ ਗੇਲ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਹਨ, ਜਿਨ੍ਹਾਂ ਨੇ ਸ਼੍ਰੀਲੰਕਾ ਖਿਲਾਫ 63 ਛੱਕੇ ਜੜੇ ਹਨ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਸਨਥ ਜੈਸੂਰੀਆ ਹਨ, ਜਿਨ੍ਹਾਂ ਨੇ ਵਨਡੇ 'ਚ ਪਾਕਿਸਤਾਨ ਖਿਲਾਫ 53 ਛੱਕੇ ਲਗਾਏ ਹਨ।

ਰੋਹਿਤ ਨੇ 2023 ਵਨਡੇ ਵਿਸ਼ਵ ਕੱਪ ਦੌਰਾਨ ਕਈ ਹੋਰ ਰਿਕਾਰਡ ਤੋੜੇ। ਉਹ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਛੱਕੇ (54) ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ। ਉਸਨੇ ਫਾਈਨਲ ਵਿੱਚ ਆਸਟਰੇਲੀਆ ਵਿਰੁੱਧ ਆਪਣੀ ਪਾਰੀ ਨਾਲ 2019 ਵਨਡੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਰਿਕਾਰਡ ਵੀ ਤੋੜ ਦਿੱਤਾ। ਵਿਲੀਅਮਸਨ ਨੇ 2019 ਵਿਸ਼ਵ ਕੱਪ ਵਿੱਚ 578 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਮੇਜ਼ਬਾਨ ਇੰਗਲੈਂਡ ਤੋਂ ਉਪ ਜੇਤੂ ਰਿਹਾ।

ਰੋਹਿਤ ਲਗਾਤਾਰ ਦੋ ਵਨਡੇ ਵਿਸ਼ਵ ਕੱਪ 'ਚ 500 ਤੋਂ ਵੱਧ ਦੌੜਾਂ ਬਣਾਉਣ ਵਾਲਾ ਇਕਲੌਤਾ ਖਿਡਾਰੀ ਬਣ ਗਿਆ ਹੈ। ਰੋਹਿਤ ਨੇ ਅਹਿਮਦਾਬਾਦ ਵਿੱਚ ਹੋਏ ਫਾਈਨਲ ਵਿੱਚ 31 ਗੇਂਦਾਂ ਵਿੱਚ ਚਾਰ ਚੌਕੇ ਅਤੇ ਤਿੰਨ ਛੱਕੇ ਮਾਰ ਕੇ 47 ਦੌੜਾਂ ਬਣਾਈਆਂ। ਉਸਨੇ 2023 ਵਨਡੇ ਵਿਸ਼ਵ ਕੱਪ ਵਿੱਚ 11 ਮੈਚਾਂ ਵਿੱਚ 597 ਦੌੜਾਂ ਬਣਾਈਆਂ ਅਤੇ ਪੂਰੇ ਟੂਰਨਾਮੈਂਟ ਵਿੱਚ ਭਾਰਤ ਦੀ ਅਗਵਾਈ ਕੀਤੀ। ਭਾਰਤੀ ਕਪਤਾਨ ਨੇ ਆਸਟ੍ਰੇਲੀਆ ਖਿਲਾਫ ਵੀ ਆਪਣੀ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ।

Related Post