ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਭੁਪਿੰਦਰ ਕੌਰ ਗੋਸਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਸਤਰੀ ਵਿੰਗ ਮੁਹਾਲੀ ਸ਼ਹਿਰ ਦਾ ਲਾਇਆ ਪ੍ਰਧਾਨ

Mohali News : ਬੀਬੀ ਭੁਪਿੰਦਰ ਕੌਰ ਗੋਸਲ ਨੇ ਪਾਰਟੀ ਹਾਈਕਮਾਂਡ ਅਤੇ ਜ਼ਿਲ੍ਹਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਦਿੱਤੀ ਗਈ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਇਆ ਜਾਵੇਗਾ।

By  KRISHAN KUMAR SHARMA April 25th 2026 12:20 PM -- Updated: April 25th 2026 12:22 PM

Bibi Bhupinder Kaur Gosal : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਅਤੇ ਮਹਿਲਾ ਵਿੰਗ ਨੂੰ ਵਧੇਰੇ ਸਰਗਰਮ ਬਣਾਉਣ ਦੇ ਉਦੇਸ਼ ਨਾਲ ਬੀਬੀ ਭੁਪਿੰਦਰ ਕੌਰ ਗੋਸਲ ਨੂੰ ਇਸਤਰੀ ਅਕਾਲੀ ਦਲ ਮੋਹਾਲੀ ਸ਼ਹਿਰ (Mohali News) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਮਹੱਤਵਪੂਰਨ ਨਿਯੁਕਤੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੋਹਾਲੀ ਅਤੇ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਕੀਤੀ ਗਈ। (SAD Women Wing)

ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮਹਿਲਾਵਾਂ ਨੂੰ ਸਿਆਸਤ ਅਤੇ ਸਮਾਜ ਸੇਵਾ ਵਿੱਚ ਅੱਗੇ ਲਿਆਉਣ ਲਈ ਵਚਨਬੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਬੀ ਭੁਪਿੰਦਰ ਕੌਰ ਗੋਸਲ ਇੱਕ ਮਿਹਨਤੀ, ਇਮਾਨਦਾਰ ਅਤੇ ਲੋਕਾਂ ਨਾਲ ਜੁੜੀ ਹੋਈ ਸ਼ਖਸੀਅਤ ਹਨ, ਜਿਨ੍ਹਾਂ ਦੀ ਨਿਯੁਕਤੀ ਨਾਲ ਮੋਹਾਲੀ ਸ਼ਹਿਰ ਵਿੱਚ ਇਸਤਰੀ ਅਕਾਲੀ ਦਲ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਮਿਲੇਗੀ। ਉਨ੍ਹਾਂ ਇਹ ਵੀ ਵਿਸ਼ਵਾਸ ਜਤਾਇਆ ਕਿ ਗੋਸਲ ਦੀ ਅਗਵਾਈ ਹੇਠ ਮਹਿਲਾ ਵਿੰਗ ਹੋਰ ਚੁਸਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ।

ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿੱਚ ਮਹਿਲਾਵਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੋਵੇਗੀ। ਉਹਨਾਂ ਕਿਹਾ ਕਿ ਮਹਿਲਾਵਾਂ ਸਾਡੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਹਨਾਂ ਦੀ ਸਰਗਰਮ ਭਾਗੀਦਾਰੀ ਨਾਲ ਹੀ ਅਸੀਂ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾ ਸਕਦੇ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਮਹਿਲਾਵਾਂ ਨੂੰ ਵੱਡੇ ਪੱਧਰ ‘ਤੇ ਪਾਰਟੀ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਹਰ ਵਾਰਡ, ਬੂਥ ਅਤੇ ਇਲਾਕੇ ਵਿੱਚ ਇਸਤਰੀ ਅਕਾਲੀ ਦਲ ਦੀਆਂ ਇਕਾਈਆਂ ਨੂੰ ਮਜ਼ਬੂਤ ਕੀਤਾ ਜਾਵੇਗਾ।

ਪਰਵਿੰਦਰ ਸਿੰਘ ਸੋਹਾਣਾ ਨੇ ਇਹ ਵੀ ਐਲਾਨ ਕੀਤਾ ਕਿ ਮੋਹਾਲੀ ਨਗਰ ਨਿਗਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਦੇ ਸਮੇਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਆਧਾਰ ‘ਤੇ ਲੋਕਾਂ ਵਿੱਚ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਆਪਣੇ ਸ਼ਾਸਨਕਾਲ ਦੌਰਾਨ ਮੋਹਾਲੀ ਦੇ ਵਿਕਾਸ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤੇ ਅਤੇ ਲੋਕ-ਹਿਤੀ ਫ਼ੈਸਲੇ ਲਏ, ਜਿਨ੍ਹਾਂ ਦਾ ਲਾਭ ਅੱਜ ਵੀ ਸ਼ਹਿਰ ਦੇ ਵਸਨੀਕਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਨੂੰ ਭਾਰੀ ਸਮਰਥਨ ਦੇਣਗੇ।

ਨਵੀਂ ਜ਼ਿੰਮੇਵਾਰੀ ਸੰਭਾਲਣ ਉਪਰੰਤ ਬੀਬੀ ਭੁਪਿੰਦਰ ਕੌਰ ਗੋਸਲ ਨੇ ਪਾਰਟੀ ਹਾਈਕਮਾਂਡ ਅਤੇ ਜ਼ਿਲ੍ਹਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਦਿੱਤੀ ਗਈ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਦੀ ਹਰ ਮਹਿਲਾ ਤੱਕ ਪਾਰਟੀ ਦੀ ਆਵਾਜ਼ ਪਹੁੰਚਾਉਣਾ ਉਹਨਾਂ ਦੀ ਪ੍ਰਾਥਮਿਕਤਾ ਹੋਵੇਗੀ ਅਤੇ ਮਹਿਲਾਵਾਂ ਦੇ ਹੱਕਾਂ, ਸੁਰੱਖਿਆ ਅਤੇ ਸਸ਼ਕਤੀਕਰਨ ਲਈ ਡੱਟ ਕੇ ਕੰਮ ਕੀਤਾ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਇਸਤਰੀ ਅਕਾਲੀ ਦਲ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਕੇ ਮਹਿਲਾਵਾਂ ਨੂੰ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿੱਚ ਹੋਰ ਅੱਗੇ ਲਿਆਂਦਾ ਜਾਵੇਗਾ। ਹਰ ਵਰਗ ਦੀ ਮਹਿਲਾ ਨੂੰ ਨਾਲ ਜੋੜ ਕੇ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਹਿੱਤ ਦੇ ਮੁੱਦਿਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।

ਇਸ ਨਿਯੁਕਤੀ ਨਾਲ ਮੋਹਾਲੀ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਤੇ ਉਹ ਇਸ ਨਵੇਂ ਫ਼ੈਸਲੇ ਨੂੰ ਆਉਣ ਵਾਲੀਆਂ ਚੋਣਾਂ ਲਈ ਇੱਕ ਮਜ਼ਬੂਤ ਕਦਮ ਵਜੋਂ ਦੇਖ ਰਹੇ ਹਨ। 

ਇਸ ਨਿਯੁਕਤੀ ਮੌਕੇ ਬੀਬੀ ਨਿਰਮਲ ਕੌਰ ਢਿੱਲੋਂ ਸਾਬਕਾ ਕੌਂਸਲਰ , ਸਤਵੰਤ ਕੌਰ ਜੋਹਲ, ਮਨਮੋਹਨ ਕੌਰ ਸਾਬਕਾ ਕੌਂਸਲਰ, ਹਰਜਿੰਦਰ ਕੌਰ ਸੋਹਾਣਾ ਸਾਬਕਾ ਕੌਂਸਲਰ, ਲਲਜੀਤ ਕੌਰ, ਸਤਵੰਤ ਕੌਰ, ਪਰਮਜੀਤ ਕੌਰ ਬੈਦਵਾਣ, ਬੀਬੀ ਭਾਰਜ, ਰਾਜਪ੍ਰੀਤ ਕੌਰ ਗਿੱਲ, ਸੋਨੀਆ ਸੰਧੂ, ਮੋਨਾ ਸਿੰਘ, ਅਮਨ ਲੂਥਰਾ, ਸਤਬੀਰ ਕੌਰ, ਹਰਜਿੰਦਰ ਕੌਰ ਮੌਲੀ ਸਮੇਤ ਭਾਰੀ ਗਿਣਤੀ ਵਿੱਚ ਮੋਹਾਲੀ ਸ਼ਹਿਰ ਦੀਆਂ ਬੀਬੀਆਂ ਹਾਜ਼ਰ ਸਨ।

Related Post