Sangrur ਪੁਲਿਸ ਨੇ ਪਿੰਡ ਰਾਜੋਮਾਜਰਾ ਚ ਹੋਏ ਕਤਲ ਮਾਮਲੇ ਚ 2 ਮੁਲਜ਼ਮਾਂ ਨੂੰ ਕੀਤਾ ਕਾਬੂ
Sangrur News : ਸੰਗਰੂਰ ਪੁਲਿਸ (Sangrur Police) ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਿੰਡ ਰਾਜੋਮਾਜਰਾ ਵਿੱਚ ਹੋਏ ਇੱਕ ਸਨਸਨੀਖੇਜ਼ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਮਹਿਜ਼ ਚੋਰੀ ਦੇ ਮਾਲ ਦੀ ਵੰਡ ਨੂੰ ਲੈ ਕੇ ਆਪਣੇ ਹੀ ਸਾਥੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

ਸੰਗਰੂਰ ਦੇ ਐੱਸ.ਐੱਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 11 ਜਨਵਰੀ ਨੂੰ ਪਿੰਡ ਰਾਜੋਮਾਜਰਾ ਦੇ ਖੇਤਾਂ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲੀ ਸੀ, ਜਿਸ ਦੇ ਸਿਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਧੂਰੀ ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਤਫਤੀਸ਼ ਦੌਰਾਨ ਸੀ.ਆਈ.ਏ. ਸੰਗਰੂਰ ਅਤੇ ਥਾਣਾ ਸਦਰ ਧੂਰੀ ਦੀਆਂ ਟੀਮਾਂ ਨੇ ਤਕਨੀਕੀ ਢੰਗ ਨਾਲ ਜਾਂਚ ਕਰਦਿਆਂ 15 ਜਨਵਰੀ ਦੀ ਰਾਤ ਨੂੰ 2 ਵਿਅਕਤੀਆਂ ਲਖਨਹੀਰਾ ਅਤੇ ਬਿਹਾਰੀ ਸਾਵ ਨੂੰ ਕਾਬੂ ਕੀਤਾ। ਇਨ੍ਹਾਂ ਕੋਲੋਂ ਚੋਰੀ ਕੀਤੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਅਤੇ ਚਾਕੂ ਬਰਾਮਦ ਹੋਏ। ਪੁੱਛਗਿੱਛ ਦੌਰਾਨ ਜੋ ਖੁਲਾਸਾ ਹੋਇਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਉੱਥੇ ਹੀ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਤੀਜੇ ਸਾਥੀ ਸੁਭਾਸ਼ ਕੁਮਾਰ ਨਾਲ ਮਿਲ ਕੇ ਪਿੰਡ ਰਾਜੋਮਾਜਰਾ ਵਿੱਚ ਚੋਰੀ ਕੀਤੀ ਸੀ। ਚੋਰੀ ਦੇ ਮਾਲ ਦੀ ਵੰਡ ਨੂੰ ਲੈ ਕੇ ਹੋਏ ਝਗੜੇ ਦੌਰਾਨ ਲਖਨਹੀਰਾ ਅਤੇ ਬਿਹਾਰੀ ਸਾਵ ਨੇ ਗੁੱਸੇ ਵਿੱਚ ਆ ਕੇ ਸੁਭਾਸ਼ ਦੇ ਸਿਰ 'ਤੇ ਲੋਹੇ ਦੇ ਪਾਈਪ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਲੋਹੇ ਦਾ ਪਾਈਪ ਵੀ ਬਰਾਮਦ ਕਰ ਲਿਆ ਹੈ ਅਤੇ ਹੁਣ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਦਾ ਪਤਾ ਲਗਾਇਆ ਜਾ ਸਕੇ।