ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਿਰ ਚੜਾਏ ਕਰਜ਼ੇ ਦੇ ਮੁੱਦੇ 'ਤੇ ਘੇਰੀ AAP, ਪੰਜਾਬੀਆਂ ਨੂੰ ਅਪੀਲ; CM ਮਾਨ ਨੂੰ ਰਾਜਾ ਵੜਿੰਗ 'ਤੇ ਵੀ ਪੁੱਛੇ ਸਵਾਲ
SAD Slams AAP on Punjab Debt : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਅੱਜ ਕਰਜ਼ੇ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ (AAP) ਨੂੰ ਨਿਸ਼ਾਨੇ 'ਤੇ ਲਿਆ ਹੈ l ਉਹਨਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਪੰਜਾਬ ਸਿਰ ਚੜੇ ਕਰਜੇ ਸਬੰਧੀ ਵੇਰਵੇ ਸਾਂਝੇ ਕਰਦਿਆਂ ਲਿਖਿਆ ਕਿ " ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਬਣੀਆ ਵੱਖ-ਵੱਖ ਸਰਕਾਰਾਂ ਨੇ ਵਿੱਤੀ ਵਰ੍ਹੇ 2021–22 ਤੱਕ ਕੁੱਲ ਕਰਜਾ 2,81,773 ਕਰੋੜ ਲਿਆ ਸੀ , ਜਿਸ ਨਾਲ ਪੰਜਾਬ ਦਾ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਅਤੇ 2007 ਤੋ 2017 ਤੱਕ ਪੰਜਾਬ ਨੇ ਸਵ. ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਅਤੇ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਨਾਲ ਪੰਜਾਬ ਦਾ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਗਿਆ, ਜਿਸਨੂੰ ਪੰਜਾਬ ਦੇ ਲੋਕ ਅੱਜ ਵੀ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ 2026 ਮਾਰਚ ਮਹੀਨੇ ਤੱਕ ਇਹ ਕਰਜਾ ਵੱਧਕੇ ਕਰੀਬ 4 ਲੱਖ 17 ਹਜਾਰ 136 ਕਰੋੜ ਹੋਣ ਜਾ ਰਿਹਾ ਹੈ ਕਿਉਂਕਿ ਭਗਵੰਤ ਮਾਨ (CM Bhagwant Mann) ਦੀ ਸਰਕਾਰ ਨੇ ਸਿਰਫ਼ ਚਾਰ ਸਾਲ ਵਿੱਚ ਹੀ ਕਰੀਬ ਇਕ ਲੱਖ 35 ਹਜਾਰ 363 ਕਰੋੜ ਰੁਪਏ ਕਰਜ਼ਾ ਲੈ ਲਿਆ ਹੈ ਜਦਕਿ ਇਕ ਸਾਲ 2025–26 ਲਈ ਹੋਰ ਕਰਜ਼ਾ ਲਿਆ ਜਾਵੇਗਾ ਜੋਂ ਅੰਦਾਜ਼ਨ ਪੰਜ ਲੱਖ ਕਰੋੜ ਤੱਕ ਪਹੁੰਚ ਜਾਵੇਗਾ ਅਤੇ ਇਸ ਕਰਜ਼ੇ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਵਿੱਚ ਕਿਸੇ ਕਿਸਮ ਦੀ ਤਰੱਕੀ ਨਹੀਂ ਲਿਆਂਦੀ।
'ਮਾਨ ਸਰਕਾਰ ਨੇ ਪੰਜਾਬੀਆਂ ਨੂੰ ਸਿਰਫ਼ ਮੁੰਗੇਰੀ ਲਾਲ ਦੇ ਸੁਪਨੇ ਵਿਖਾਏ'
ਉਨ੍ਹਾਂ ਕਰਜ਼ੇ ' ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਕੁਲ ਮਿਲਾਕੇ ਕਿਹਾ ਜਾ ਸਕਦਾ ਹੈ ਭਗਵੰਤ ਮਾਨ ਸਰਕਾਰ 0 0=0 ਹੈ l ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਚਾਰ ਸਾਲ ਵਿੱਚ ਸਿਰਫ਼ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਦਿਖਾਏ ਜਾਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ ਗਿਆ। ਭਗਵੰਤ ਮਾਨ ਸਰਕਾਰ ਵੱਲੋ ਲਏ ਗਏ ਕਰਜ਼ੇ ‘ਚੋ ਵਧੇਰੇ ਖ਼ਰਚਾ ਜਹਾਜ਼ਾਂ ਦੇ ਝੂਟਿਆਂ ਅਤੇ ਝੂਠੇ ਇਸ਼ਤਿਹਾਰਾਂ 'ਤੇ ਹੋਇਆ ਹੈ l ਉਨ੍ਹਾਂ ਕਿਹਾ ਕਿ ਮਾਇਨਿੰਗ ਆਮਦਨ ਜੋਂ ਸਰਕਾਰ ਬਣਨ ਤੋਂ ਪਹਿਲਾ ਭਗਵੰਤ ਮਾਨ ਅਤੇ ਉਨ੍ਹਾਂ ਦੇ ਦਿੱਲੀ ਵਾਲੇ ਆਕਾ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਹਰ ਸਾਲ ਵੀਹ ਹਜ਼ਾਰ ਕਰੋੜ ਆਉਣਗੇ ਉਹ ਹੁਣ ਦੱਸਣ ਕਿ ਪੰਜਾਬ ਦਾ ਪਿਛਲੇ ਚਾਰ ਸਾਲ ਦਾ 80 ਹਜ਼ਾਰ ਕਰੋੜ ਕਿੱਥੇ ਹੈ?

ਕਰਜ਼ੇ ਬਾਰੇ ਪੰਜਾਬੀਆਂ ਨੂੰ ਕੀਤੀ ਖਾਸ ਅਪੀਲ
ਬਿਕਰਮ ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਿਹਾ ਸੀ ਚੋਰ ਮੋਰੀਆ ਨਾਲ ਪੰਜਾਬ ਦੇ ਮਾਲੀਏ ਨੂੰ ਲੁੱਟਿਆ ਜਾ ਰਿਹਾ ਹੈ ਜਿਸਨੂੰ ਰੋਕ ਕੇ ਸਾਨੂੰ 34 ਹਜ਼ਾਰ ਕਰੋੜ ਰੁਪਏ ਹਰ ਸਾਲ ਮਿਲਣਗੇ ਉਹ ਕਿੱਥੇ ਗਏ ? ਉਨ੍ਹਾਂ ਲਿਖਿਆ ਕਿ ਮੇਰੀ ਪੰਜਾਬੀਆ ਨੂੰ ਅਪੀਲ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜਦੋਂ ਤੁਹਾਡੇ ਵਿਚ ਵੋਟ ਮੰਗਣ ਆਉਣ ਤਾਂ ਦੋਵਾਂ ਨੂੰ ਇਹ ਸਵਾਲ ਜ਼ਰੂਰ ਪੁੱਛੋ ਕਿ ਪੰਜਾਬ ਦੇ ਮਿਹਨਤਕਸ਼ ਲੋਕਾਂ ਦਾ ਪੈਸਾ ਫਜ਼ੂਲ ਖਰਚੀ ਵਿਚ ਕਿਉਂ ਉਡਾਇਆ ਜਾ ਰਿਹਾ ਹੈ, ਜਦਕਿ ਪੰਜਾਬ ਦੀ ਹੋਈ ਇਸ ਅੰਨੀ ਲੁੱਟ ਮਾਮਲੇ ਵਿੱਚ ਮੁੱਖ ਮੰਤਰੀ ਚੁੱਪ ਹੈ?
ਇਸ ਦੌਰਾਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਚਾਰ ਸਾਲ ਪੰਜਾਬ ਕਾਂਗਰਸ ਦੇ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਹ ਕਹਿ ਕੇ ਚੁੱਪ ਕਰਾਉਂਦੇ ਰਹੇ ਕਿ ਉਸਦੀਆਂ ਮੰਤਰੀ ਹੋਣ ਵੇਲੇ ਪਾਈਆਂ ਬੱਸਾਂ ਦੀਆਂ ਬਾਡੀਆਂ ਦਾ ਮਾਮਲਾ ਖੋਲ ਦਿੱਤਾ ਜਾਵੇਗਾ ਪਰ ਉਹ ਫਾਈਲ ਹੁਣ ਕਿੱਥੇ ਹੈ ਅਤੇ ਕਿਸ ਦੇ ਜਰੀਏ ਇਸ ਸਬੰਧੀ ਸਮਝੌਤਾ ਹੋਇਆ ਹੈ, ਮੁੱਖ ਮੰਤਰੀ ਇਸ ਗੱਲ ਦਾ ਜਵਾਬ ਵੀ ਪੰਜਾਬ ਦੇ ਲੋਕਾਂ ਨੂੰ ਜਰੂਰ ਦੇਣ। ਇਸ ਦੇ ਇਲਾਵਾ ਉਹਨਾਂ ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ ਅਵਸਥਾ ਦੇ ਮਾਮਲੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ।
- PTC NEWS