Rajasthan ਦੇ ਮੰਡੀ ਗੋਲੂਵਾਲਾ ਚ ਗੁਰਦੁਆਰਾ ਸਾਹਿਬ ਤੇ ਹਮਲੇ ਦੇ ਮੁਲਜ਼ਮਾਂ ਖਿਲਾਫ਼ ਸਰਕਾਰ ਸਖ਼ਤ ਕਾਰਵਾਈ ਕਰੇ : SGPC

Attacks on Gurdwara Sahib in Rajasthan : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਇਹ ਮਿੱਥ ਕੇ ਕੀਤਾ ਗਿਆ ਹਮਲਾ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਐਡਵੋਕੇਟ ਧਾਮੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਹ ਸਭ ਕੁਝ ਪੁਲਿਸ ਦੀ ਮੌਜੂਦਗੀ ਵਿਚ ਹੋਇਆ।

By  KRISHAN KUMAR SHARMA October 3rd 2025 04:57 PM -- Updated: October 3rd 2025 04:59 PM

Attacks on Gurdwara Sahib : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਿਸਥਾਨ ਦੇ ਜ਼ਿਲ੍ਹਾ ਹਨੁਮਾਨਗੜ੍ਹ ਦੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੀ ਗੋਲੂਵਾਲਾ ਵਿਖੇ ਕੁਝ ਲੋਕਾਂ ਵੱਲੋਂ ਹਮਲਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਰਕਾਰ ਨੂੰ ਹਮਲਾਵਰ ਲੋਕਾਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਇਹ ਮਿੱਥ ਕੇ ਕੀਤਾ ਗਿਆ ਹਮਲਾ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਬੜੇ ਹੀ ਵਹਿਸ਼ੀਆਨਾ ਤਰੀਕੇ ਨਾਲ ਗੁਰਦੁਆਰਾ ਸਾਹਿਬ ਅੰਦਰ ਸੁੱਤੇ ਸਿੰਘਾਂ ’ਤੇ ਹਮਲਾ ਕਰਕੇ ਸਿੰਘਾਂ ਸਮੇਤ ਛੋਟੇ-ਛੋਟੇ ਬੱਚਿਆਂ ਨੂੰ ਵੀ ਗੰਭੀਰ ਜ਼ਖ਼ਮੀ ਕੀਤਾ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਹ ਸਭ ਕੁਝ ਪੁਲਿਸ ਦੀ ਮੌਜੂਦਗੀ ਵਿਚ ਹੋਇਆ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਨੇ ਜਿਥੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ ਹੈ, ਉਥੇ ਜਿਸ ਵੀ ਖਿੱਤੇ ਵਿਚ ਵੱਸੇ ਹਨ ਉਥੋਂ ਦੀ ਤਰੱਕੀ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਜਿਸਥਾਨ ਅੰਦਰ ਸਿੱਖਾਂ ਨੂੰ ਪਹਿਲਾਂ ਵੀ ਕਈ ਵਾਰ ਕਕਾਰਾਂ ਕਰਕੇ ਵੱਡੀਆਂ ਮੁਸ਼ਕਲਾਂ ’ਚੋਂ ਲੰਘਣਾ ਪਿਆ ਹੈ। ਇਸ ਦੇ ਵਿਰੁੱਧ ਜਿਥੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੇ ਅਵਾਜ਼ ਉਠਾਈ, ਉਥੇ ਹੀ ਸਥਾਨਕ ਸਿੱਖਾਂ ਨੇ ਸਰਕਾਰ ਨੂੰ ਆਪਣੇ ਫੈਸਲੇ ਬਦਲਣ ਲਈ ਮਜ਼ਬੂਰ ਕੀਤਾ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸਮਾਜ ਵਿਚ ਵੰਡੀਆਂ ਪਾ ਕੇ ਆਪਣੀ ਸਿਆਸਤ ਚਮਕਾਉਣੀ ਚਾਹੁੰਦੇ ਹਨ, ਜੋ ਦੇਸ਼ ਹਿੱਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਜਿਹੀ ਖੁਲ੍ਹ ਨਹੀਂ ਦਿੱਤੀ ਜਾ ਸਕਦੀ ਕਿ ਉਹ ਅਜਿਹੀਆਂ ਹਰਕਤਾਂ ਕਰੇ। ਐਡਵੋਕੇਟ ਧਾਮੀ ਨੇ ਰਾਜਿਸਥਾਨ ਦੇ ਮੁਖ ਮੰਤਰੀ ਨੂੰ ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਲਈ ਆਗਿਆ।

Related Post