SGPC ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਤਨਖ਼ਾਹ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਣ ਦਾ ਫੈਸਲਾ

Amritsar News : ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਅੰਦਰ ਹੜ੍ਹਾਂ ਕਾਰਨ ਹੋਈ ਤਬਾਹੀ ਨਾਲ ਲੋਕਾਂ ਦੇ ਹੋਏ ਵੱਡੇ ਨੁਕਸਾਨ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਮਦਦ ਲਈ ਅੱਗੇ ਆਏ ਹਨ। ਇਸੇ ਤਹਿਤ ਹੀ ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਤਨਖ਼ਾਹ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਰਾਹਤ ਸੇਵਾਵਾਂ ਵਿਚ ਦੇਣ ਦਾ ਫੈਸਲਾ ਕੀਤਾ ਹੈ

By  Shanker Badra September 2nd 2025 04:19 PM -- Updated: September 2nd 2025 04:25 PM

Amritsar News : ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਅੰਦਰ ਹੜ੍ਹਾਂ ਕਾਰਨ ਹੋਈ ਤਬਾਹੀ ਨਾਲ ਲੋਕਾਂ ਦੇ ਹੋਏ ਵੱਡੇ ਨੁਕਸਾਨ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਮਦਦ ਲਈ ਅੱਗੇ ਆਏ ਹਨ। ਇਸੇ ਤਹਿਤ ਹੀ ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਤਨਖ਼ਾਹ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਰਾਹਤ ਸੇਵਾਵਾਂ ਵਿਚ ਦੇਣ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹ ਆਉਣ ਦੇ ਪਹਿਲੇ ਦਿਨ ਤੋਂ ਨਿਰੰਤਰ ਸੇਵਾ ਨਿਭਾ ਰਹੀ ਹੈ। ਸੰਸਥਾ ਦੇ ਮੁਲਾਜ਼ਮ ਖ਼ੁਦ ਪੀੜਤਾਂ ਤੱਕ ਪਹੁੰਚ ਕੇ ਸੇਵਾਵਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਹਨ। ਵੱਖ-ਵੱਖ ਸਮੇਂ ਆਈਆਂ ਕੁਦਰਤੀ ਆਫ਼ਤਾਂ ਮੌਕੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਜਿਥੇ ਪੀੜਤ ਇਲਾਕਿਆਂ ਵਿਚ ਖ਼ੁਦ ਪਹੁੰਚ ਕੇ ਸੇਵਾ ਕਰਦੇ ਹਨ, ਉਥੇ ਹੀ ਹਰ ਵਾਰ ਆਪਣੀ ਤਨਖਾਹ ਵਿੱਚੋਂ ਵੀ ਲੋੜਵੰਦਾਂ ਲਈ ਸਹਾਇਤਾ ਕਰਦੇ ਆ ਰਹੇ ਹਨ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਕਈ ਦਿਨਾਂ ਤੋਂ ਸਾਡੇ ਮੁਲਾਜ਼ਮ ਆਪਣੀ ਪ੍ਰਵਾਹ ਕੀਤੇ ਬਿਨਾਂ ਪਾਣੀ ਵਿਚ ਘਿਰੇ ਲੋਕਾਂ ਤੱਕ ਪਹੁੰਚ ਕੇ ਸੰਸਥਾ ਵੱਲੋਂ ਲੋੜਵੰਦਾਂ ਦੀ ਮੱਦਦ ਕਰ ਰਹੇ ਹਨ। ਅੱਜ ਸਮੂਹ ਮੁਲਾਜ਼ਮਾਂ ਨੇ ਇਕੱਤਰਤਾ ਕਰਕੇ ਇਕ ਦਿਨ ਦੀ ਤਨਖ਼ਾਹ ਹੜ੍ਹ ਪੀੜਤਾਂ ਲਈ ਚੱਲ ਰਹੀਆਂ ਰਾਹਤ ਸੇਵਾਵਾਂ ਵਿਚ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਾਲਾਤ ਸੁਖਾਵੇਂ ਹੋਣ ਤੱਕ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਬਿਜੈ ਸਿੰਘ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਗੁਰਦਿਆਲ ਸਿੰਘ, ਗੁਰਨਾਮ ਸਿੰਘ, ਜਸਵਿੰਦਰ ਸਿੰਘ ਜੱਸੀ, ਹਰਭਜਨ ਸਿੰਘ ਵਕਤਾ, ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਨਿਸ਼ਾਨ ਸਿੰਘ, ਮਲਕੀਤ ਸਿੰਘ ਬਹਿੜਵਾਲ ਸਮੇਤ ਸ਼੍ਰੋਮਣੀ ਕਮੇਟੀ ਮੁਲਾਜ਼ਮ ਮੌਜੂਦ ਸਨ।

Related Post