SGPC ਦੀ 350 ਸਾਲਾ ਸ਼ਤਾਬਦੀਆਂ ਨੂੰ ਲੈ ਕੇ ਹੋਈ ਅਹਿਮ ਚਰਚਾ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਸਮੇਤ ਦੇਸ਼ ਇਨ੍ਹਾਂ ਸ਼ਖਸੀਅਤਾਂ ਨੂੰ ਭੇਜਿਆ ਜਾਵੇਗਾ ਸੱਦਾ

ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼ਤਾਬਦੀਆਂ ਮਨੁੱਖਤਾ ਨੂੰ ਸਮਰਪਤ ਹਨ ਅਤੇ ਸ਼ਤਾਬਦੀਆਂ ਸਭ ਨਾਲ ਮਿਲ ਕੇ ਮਨਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਮਾਗਮਾਂ 'ਚ ਸ਼ਾਮਲ ਹੋਣ ਲਈ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੋਂ ਲੈ ਕੇ ਚੀਫ਼ ਜਸਟਿਸ, ਰਾਜਾਂ ਦੇ ਮੁੱਖ ਮੰਤਰੀਆਂ ਅਤੇ ਐਮਪੀਜ਼ ਤੱਕ ਨੂੰ ਸੱਦਾ ਪੱਤਰ ਭੇਜੇ ਜਾਣਗੇ।

By  KRISHAN KUMAR SHARMA July 14th 2025 04:18 PM -- Updated: July 14th 2025 04:37 PM

SGPC 350 shatabadi News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਮਵਾਰ 350 ਸਾਲਾ ਸ਼ਤਾਬਦੀਆਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਿੱਖ ਜਗਤ ਦੀਆਂ ਵੱਖ-ਵੱਖ ਵਿਦਵਾਨ ਸ਼ਖਸੀਅਤਾਂ ਨੇ ਹਿੱਸਾ ਲਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼ਤਾਬਦੀਆਂ ਨੂੰ ਸਮਰਪਿਤ ਅਸਾਮ ਅਤੇ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਏ ਜਾਣਗੇ ਅਤੇ 23 ਤੋਂ 25 ਨਵੰਬਰ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸ਼ਤਾਬਦੀ ਸਮਾਗਮਾਂ ਦਰਮਿਆਨ ਸਰਬ ਧਰਮ ਸੰਮੇਲਨ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਸ਼ਤਾਬਦੀ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ ਸਥਾਪਿਤ ਕੀਤੀ ਜਾਵੇਗੀ।

ਕਿਹੜੀਆਂ ਸ਼ਖਸੀਅਤਾਂ ਨੂੰ ਦਿੱਤਾ ਜਾਵੇਗਾ ਸੱਦਾ

ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼ਤਾਬਦੀਆਂ ਮਨੁੱਖਤਾ ਨੂੰ ਸਮਰਪਤ ਹਨ ਅਤੇ ਸ਼ਤਾਬਦੀਆਂ ਸਭ ਨਾਲ ਮਿਲ ਕੇ ਮਨਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਮਾਗਮਾਂ 'ਚ ਸ਼ਾਮਲ ਹੋਣ ਲਈ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੋਂ ਲੈ ਕੇ ਚੀਫ਼ ਜਸਟਿਸ, ਰਾਜਾਂ ਦੇ ਮੁੱਖ ਮੰਤਰੀਆਂ ਅਤੇ ਐਮਪੀਜ਼ ਤੱਕ ਨੂੰ ਸੱਦਾ ਪੱਤਰ ਭੇਜੇ ਜਾਣਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦੌਰਾਨ ਬੱਚਿਆਂ ਦੇ ਕੀਰਤਨ, ਕਵਿਤਾ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਤ ਧਾਰਮਿਕ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਜਦਕਿ ਸਕੂਲਾਂ ਕਾਲਜਾਂ 'ਚ ਵੀ ਸੈਮੀਨਾਰ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਈ ਰਾਜੋਆਣਾ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਐਲਾਨ ਨੂੰ ਇਸ ਸ਼ਤਾਬਦੀ ਮੌਕੇ ਅਮਲੀ ਜਾਮਾ ਪਹਿਨਾਉਣ ਦੀ ਮੰਗ ਵੀ ਕਰਨਗੇ।

'ਸਰਕਾਰਾਂ ਗੁਰੂ ਸਾਹਿਬ ਦੀ ਸ਼ਹਾਦਤ 'ਤੇ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਰੱਖਣ'

ਐਸੀਪੀਸੀ ਪ੍ਰਧਾਨ ਨੇ ਪੰਜਾਬ ਸਰਕਾਰ ਸਮੇਤ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਪਾਰਲੀਮੈਂਟ ਜਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ 'ਚ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ 'ਤੇ ਇੱਕ-ਇੱਕ ਦਿਨ ਦਾ ਸੈਸ਼ਨ ਰੱਖਣ ਦੀ ਮੰਗ ਵੀ ਕੀਤੀ।

Related Post