Amritsar News : ਸ਼੍ਰੋਮਣੀ ਕਮੇਟੀ ਵੱਲੋਂ ਮਾਊਂਟ ਆਬੂ (ਰਾਜਿਸਥਾਨ) ਵਿਖੇ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਗੁਰਮਤਿ ਸਮਾਗਮ

Amritsar News : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਸ਼ਨ ਮਾਊਂਟ ਆਬੂ (ਰਾਜਿਸਥਾਨ) ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ ਆਯੋਜਤ ਕੀਤਾ ਗਿਆ

By  Shanker Badra June 17th 2025 04:44 PM

Amritsar News : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਸ਼ਨ ਮਾਊਂਟ ਆਬੂ (ਰਾਜਿਸਥਾਨ) ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ ਆਯੋਜਤ ਕੀਤਾ ਗਿਆ। 

ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਅਤੇ ਮੀਤ ਸਕੱਤਰ ਸ. ਸੁਖਬੀਰ ਸਿੰਘ ਨੇ ਸਮਾਗਮਾਂ ਵਿਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ, ਉਥੇ ਗੁਜਰਾਤ ਅਤੇ ਰਾਜਿਸਥਾਨ ਦੀਆਂ ਸੰਗਤਾਂ ਨੇ ਵੀ ਭਰਵੀਂ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਤੇ ਭਾਈ ਅਮਨਦੀਪ ਸਿੰਘ ਦੇ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਸਿੱਖ ਮਿਸ਼ਨ ਦੇ ਪ੍ਰਚਾਰਕ ਭਾਈ ਕੁਲਦੀਪ ਸਿੰਘ ਨੇ ਕਥਾ-ਵਿਚਾਰਾਂ ਕੀਤੀਆਂ।

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਕਿਹਾ ਕਿ ਸਿੱਖ ਇਤਿਹਾਸ ਨਾਲ ਸਬੰਧਤ ਆ ਰਹੀਆਂ ਸ਼ਤਾਬਦੀਆਂ ਨੂੰ ਕੌਮੀ ਪੱਧਰ ’ਤੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਵੱਖ-ਵੱਖ ਪ੍ਰੋਗਰਾਮ ਉਲੀਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਮਕਸਦ ਜਿਥੇ ਸਿੱਖੀ ਦਾ ਪ੍ਰਚਾਰ ਕਰਨਾ ਹੈ, ਉਥੇ ਹੀ ਸੰਗਤਾਂ ਅੰਦਰ ਆ ਰਹੀਆਂ ਸ਼ਤਾਬਦੀਆਂ ਬਾਰੇ ਜਾਗਰੂਕਤਾ ਪੈਦਾ ਕਰਨੀ ਵੀ ਹੈ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਸ਼ਤਾਬਦੀਆਂ ਨੂੰ ਸਮਰਪਿਤ ਦੇਸ਼ ਭਰ ਦੇ ਵੱਖ-ਵੱਖ ਥਾਵਾਂ ਤੋਂ ਜਿਥੇ ਵਿਸ਼ੇਸ਼ ਤੌਰ ’ਤੇ ਨਗਰ ਕੀਰਤਨ ਸਜਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਉਥੇ ਹੀ ਵੱਖ-ਵੱਖ ਸੂਬਿਆਂ ਵਿਚ ਗੁਰਮਤਿ ਸਮਾਗਮ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਰਾਜਿਸਥਾਨ ਵਿਖੇ ਹੋਰ ਸਮਾਗਮਾਂ ਦੀਆਂ ਤਰੀਕਾਂ ਜਲਦ ਮਿੱਥ ਲਈਆਂ ਜਾਣਗੀਆਂ। ਉਨ੍ਹਾਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਦੇ ਨਾਲ-ਨਾਲ ਨਵੰਬਰ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਸ਼ਤਾਬਦੀ ਸਮਾਗਮਾਂ ਵਿਚ ਸ਼ਿਰਕਤ ਕਰਨ ਦੀ ਵੀ ਅਪੀਲ ਕੀਤੀ।

ਸਮਾਗਮ ਦੌਰਾਨ ਸਿੱਖ ਮਿਸ਼ਨ ਕਰਨਾਟਕਾ, ਗੋਆ ਅਤੇ ਗੁਜਰਾਤ ਦੇ ਆਨਰੇਰੀ ਇੰਚਾਰਜ ਰਾਮ ਸਿੰਘ ਰਾਠੌਰ, ਨੱਥਾ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ, ਮਨਜੀਤ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਲਖਬੀਰ ਸਿੰਘ ਨੇ ਵੀ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬੀਬੀ ਇਸ਼ਮੀਤ ਸਿੰਘ ਨੈਂਸੀ ਨੇ ਵੀ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰੀ। ਇਸੇ ਦੌਰਾਨ ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

 

Related Post