ਨਿਊਜੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਨੂੰ ਚੁਣੌਤੀ- SGPC ਪ੍ਰਧਾਨ ਐਡਵੋਕੇਟ ਧਾਮੀ
ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਧਰਮ ਦੀ ਬੁਨਿਆਦ ਸਰਬੱਤ ਦਾ ਭਲਾ, ਭਰਾਤਰੀ ਭਾਵ ਅਤੇ ਮਨੁੱਖਤਾ ਦੀ ਸੇਵਾ ’ਤੇ ਟਿਕੀ ਹੋਈ ਹੈ। ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਧਾਰਮਿਕ ਪਰੰਪਰਾ ਹੈ ਜੋ ਸਮਾਜ ਵਿਚ ਆਪਸੀ ਸਾਂਝ, ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦੀ ਹੈ। ਅਜਿਹੇ ਧਾਰਮਿਕ ਸਮਾਗਮਾਂ ਦਾ ਵਿਰੋਧ ਕਰਨਾ ਗੁਰੂ ਸਾਹਿਬਾਨ ਦੇ ਸਰਬ-ਸਾਂਝੇ ਸੰਦੇਸ਼ ’ਤੇ ਸਿੱਧੀ ਸੱਟ ਹੈ।
ਸਿੱਖਾਂ ਵੱਲੋਂ ਨਿਊਜੀਲੈਂਡ ਵਿਚ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਕੁਝ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾਣਾ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਸਦਾ ਤੋਂ ਹੀ ਵਿਸ਼ਵ ਭਾਈਚਾਰੇ ਦੀ ਭਲਾਈ, ਸ਼ਾਂਤੀ, ਸਹਿਣਸ਼ੀਲਤਾ ਅਤੇ ਤਰੱਕੀ ਲਈ ਆਪਣਾ ਮਿਸਾਲੀ ਯੋਗਦਾਨ ਪਾਉਂਦਾ ਆ ਰਿਹਾ ਹੈ, ਪਰ ਇਸ ਦੇ ਬਾਵਜੂਦ ਸਿੱਖਾਂ ਦੀਆਂ ਧਾਰਮਿਕ ਰਵਾਇਤਾਂ ਨੂੰ ਨਫ਼ਰਤੀ ਨਜ਼ਰੀਏ ਨਾਲ ਦੇਖਿਆ ਜਾਣਾ ਅਤਿ ਨਿੰਦਣਯੋਗ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਧਰਮ ਦੀ ਬੁਨਿਆਦ ਸਰਬੱਤ ਦਾ ਭਲਾ, ਭਰਾਤਰੀ ਭਾਵ ਅਤੇ ਮਨੁੱਖਤਾ ਦੀ ਸੇਵਾ ’ਤੇ ਟਿਕੀ ਹੋਈ ਹੈ। ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਧਾਰਮਿਕ ਪਰੰਪਰਾ ਹੈ ਜੋ ਸਮਾਜ ਵਿਚ ਆਪਸੀ ਸਾਂਝ, ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦੀ ਹੈ। ਅਜਿਹੇ ਧਾਰਮਿਕ ਸਮਾਗਮਾਂ ਦਾ ਵਿਰੋਧ ਕਰਨਾ ਗੁਰੂ ਸਾਹਿਬਾਨ ਦੇ ਸਰਬ-ਸਾਂਝੇ ਸੰਦੇਸ਼ ’ਤੇ ਸਿੱਧੀ ਸੱਟ ਹੈ।
ਉਨ੍ਹਾਂ ਆਖਿਆ ਕਿ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਵੱਸਦਾ ਸਿੱਖ ਭਾਈਚਾਰਾ ਸਦਾ ਹੀ ਸਥਾਨਕ ਲੋਕਾਂ ਨਾਲ ਰਲ ਮਿਲ ਕੇ ਰਹਿੰਦਾ ਹੈ ਅਤੇ ਹਰ ਦੇਸ਼ ਦੇ ਕਾਨੂੰਨਾਂ ਅਤੇ ਸਥਾਨਕ ਸਭਿਆਚਾਰ ਦਾ ਪੂਰਾ ਸਤਿਕਾਰ ਕਰਦਾ ਆਇਆ ਹੈ। ਸਿੱਖ ਸਮਾਗਮਾਂ ਦੌਰਾਨ ਲੰਗਰ ਅਤੇ ਨਿਸ਼ਕਾਮ ਸੇਵਾ ਰਾਹੀਂ ਮਨੁੱਖਤਾ ਦੀ ਭਲਾਈ ਦਾ ਸੁਨੇਹਾ ਦਿੱਤਾ ਜਾਂਦਾ ਹੈ, ਜਿਸ ਨਾਲ ਸਮਾਜਿਕ ਸਾਂਝ ਮਜ਼ਬੂਤ ਹੁੰਦੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਨਿਊਜੀਲੈਂਡ ਅਤੇ ਭਾਰਤ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਣ ਅਤੇ ਸਿੱਖ ਭਾਈਚਾਰੇ ਨੂੰ ਆਪਣੇ ਧਾਰਮਿਕ ਅਧਿਕਾਰਾਂ ਦੇ ਅਨੁਸਾਰ ਸਮਾਗਮ ਕਰਨ ਲਈ ਸੁਰੱਖਿਅਤ ਅਤੇ ਸਹਿਯੋਗੀ ਮਾਹੌਲ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ ਅਤੇ ਆਪਸੀ ਸਤਿਕਾਰ ਹੀ ਕਿਸੇ ਵੀ ਬਹੁ-ਸੱਭਿਆਚਾਰਕ ਸਮਾਜ ਦੀ ਅਸਲ ਪਛਾਣ ਹੁੰਦੀ ਹੈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਊਜੀਲੈਂਡ ਦੇ ਮੋਹਰੀ ਸਿੱਖਾਂ ਨੂੰ ਇਸ ਘਟਨਾ ਸਬੰਧੀ ਉਥੇ ਦੀ ਸਰਕਾਰ ਅਤੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨਾਲ ਮਿਲ ਬੈਠ ਕੇ ਵਿਚਾਰ ਚਰਚਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਉਪਦੇਸ਼ਾਂ ਦੀ ਸੇਧ ਵਿਚ ਹੀ ਇਸ ਮਸਲੇ ਨੂੰ ਨਜਿੱਠਣ ਲਈ ਯਤਨ ਕੀਤੇ ਜਾਣ ਅਤੇ ਤਲਖ਼ੀ ਵਾਲ਼ੇ ਮਾਹੌਲ ਤੋਂ ਬਚਿਆ ਜਾਵੇ।
ਇਹ ਵੀ ਪੜ੍ਹੋ : New Zealand ਦੇ ਦੱਖਣੀ ਆਕਲੈਂਡ 'ਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਸਥਾਨਿਕ ਨੌਜਵਾਨਾਂ ਨੇ ਰੋਕਿਆ