169 Saroop Case : ਸ਼੍ਰੋਮਣੀ ਅਕਾਲੀ ਦਲ ਨੇ U-Turn ਤੇ ਘੇਰੀ ਮਾਨ ਸਰਕਾਰ, ਕਿਹਾ - ਮੁੱਖ ਮੰਤਰੀ ਨੂੰ ਨੈਤਿਕ ਆਧਾਰ ਤੇ ਅਸਤੀਫ਼ਾ ਦੇਣਾ ਚਾਹੀਦੈ
169 Saroop Case : ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਵਾਲ ਖੜੇ ਕਰਦੇ ਹੋਏ ਪਹਿਲਾਂ 169 ਸਰੂਪ ਮਿਲਣ ਅਤੇ ਫਿਰ ਇਨਕਾਰ ਕਰਨ 'ਤੇ ਸੀਐਮ ਨੂੰ ਘੇਰਦਿਆਂ ਨੈਤਿਕ ਆਧਾਰ 'ਤੇ ਅਸਤੀਫਾ ਦੇਣ ਲਈ ਕਿਹਾ ਹੈ।
169 Saroop Case : ਸ਼੍ਰੋਮਣੀ ਅਕਾਲੀ ਦਲ ਨੇ 328 ਸਰੂਪਾਂ ਦੇ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਯੂ-ਟਰਨ ਲਏ ਜਾਣ ਦੇ ਮਾਮਲੇ ਵਿੱਚ ਘੇਰਿਆ ਹੈ। ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਵਾਲ ਖੜੇ ਕਰਦੇ ਹੋਏ ਪਹਿਲਾਂ 169 ਸਰੂਪ ਮਿਲਣ ਅਤੇ ਫਿਰ ਇਨਕਾਰ ਕਰਨ 'ਤੇ ਸੀਐਮ ਨੂੰ ਘੇਰਦਿਆਂ ਨੈਤਿਕ ਆਧਾਰ 'ਤੇ ਅਸਤੀਫਾ ਦੇਣ ਲਈ ਕਿਹਾ ਹੈ।
ਸੀਐਮ ਮਾਨ ਵੱਲੋਂ ਕੀਤਾ ਗਿਆ 169 ਸਰੂਪ ਮਿਲਣ ਦਾ ਦਾਅਵਾ
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ੋਰ-ਸ਼ੋਰ ਨਾਲ 328 ਸਰੂਪਾਂ ਦੇ ਮਾਮਲੇ ਵਿੱਚ 169 ਸਰੂਪ (169 Saroop Case) ਮਿਲਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (AAP) ਵੱਲੋਂ ਵੀ ਇਸ ਮਾਮਲੇ ਨੂੰ ਵੱਡੀ ਕਾਮਯਾਬੀ ਦੱਸੀ ਜਾ ਰਹੀ ਸੀ, ਪਰੰਤੂ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ (Rasokhana Sri Nabh Kanwal Raja Sahib) ਦੇ ਪ੍ਰਬੰਧਕਾਂ ਵੱਲੋਂ ਜਦੋਂ ਮਾਮਲਾ ਧਿਆਨ ਵਿੱਚ ਆਉਣ 'ਤੇ ਪ੍ਰੈਸ ਕਾਨਫਰੰਸ ਕਰਕੇ ਰਿਕਾਰਡ ਬਾਰੇ ਜਾਣਕਾਰੀ ਸੰਗਤ ਅੱਗੇ ਰੱਖੀ ਗਈ ਤਾਂ ਮਾਨ ਸਰਕਾਰ ਨੇ ਪੈਰ ਪਿੱਛੇ ਖਿੱਚ ਲਏ।
ਉਪਰੰਤ, ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ,ਹਰਜੋਤ ਬੈਂਸ ਅਤੇ MP ਮਲਵਿੰਦਰ ਸਿੰਘ ਕੰਗ ਨੇ ਸੋਮਵਾਰ, ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਪਹੁੰਚ ਕੇ ਮੁੱਖ ਮੰਤਰੀ ਮਾਨ ਦੇ ਦਾਅਵੇ ਤੋਂ ਯੂ-ਟਰਨ ਲੈ ਲਿਆ। ਆਗੂਆਂ ਨੇ ਕਿਹਾ ਕਿ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ (ਬੰਗਾ) ਵਿਖੇ ਪੂਰਾ ਰਿਕਾਰਡ ਦਰੁਸਤ ਪਾਇਆ ਗਿਆ ਹੈ ਅਤੇ ਕਿਸੇ ਵੀ ਪ੍ਰਕਾਰ ਦਾ ਕੋਈ ਰਿਕਾਰਡ ਖਰਾਬ ਨਹੀਂ ਹੋਇਆ।
ਅਕਾਲੀ ਦਲ ਨੇ ਚੁੱਕੇ ਸਵਾਲ
ਹੁਣ ਇਸ ਯੂ-ਟਰਨ 'ਤੇ ਡਾ. ਦਲਜੀਤ ਚੀਮਾ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਰਕਾਰੀ ਬਿਆਨ ਕਿ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਗੁਰਦੁਆਰੇ ਵਿਖੇ 'ਸਰੂਪਾਂ' ਦੇ ਸਾਰੇ ਰਿਕਾਰਡ ਸਹੀ ਹਨ, ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦੇ 'ਤੇ ਰਹਿਣ ਦਾ ਸਾਰਾ ਨੈਤਿਕ ਅਧਿਕਾਰ ਗੁਆ ਦਿੱਤਾ ਹੈ ਅਤੇ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮਾਘੀ ਮੇਲੇ 'ਤੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਬੰਗਾ ਨੇੜੇ ਰਾਜਾ ਸਾਹਿਬ ਦੇ ਸਥਾਨ ਤੋਂ 169 ਸਰੂਪ ਲੱਭੇ ਗਏ ਸਨ ਪਰ ਹੁਣ ਉਨ੍ਹਾਂ ਦੇ ਆਪਣੇ ਵਿੱਤ ਮੰਤਰੀ ਨੇ ਇਸਨੂੰ SIT ਅਤੇ ਸਰਕਾਰ ਵਿਚਕਾਰ "ਗਲਤ ਸੰਚਾਰ" ਦੱਸਿਆ ਹੈ।
ਡਾ. ਚੀਮਾ ਨੇ ਇਸ ਮੌਕੇ SIT 'ਤੇ ਵੀ ਸਵਾਲ ਖੜੇ ਕੀਤੇ ਕਿ ਐਸਆਈਟੀ, ਅਦਾਲਤ ਦੀ ਬਜਾਏ ਮੁੱਖ ਮੰਤਰੀ ਨੂੰ ਰਿਪੋਰਟ ਕਿਉਂ ਕਰ ਰਹੀ ਹੈ? ਇਸ ਮਾਮਲੇ ਵਿੱਚ ਦਰਜ FIR ਦਾ ਕੀ ਹੋਵੇਗਾ? ਨਾਲ ਹੀ ਜਨਤਾ ਨੂੰ ਗੁੰਮਰਾਹ ਕਰਨ ਅਤੇ ਲੱਖਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਿਸਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ? ਉਨ੍ਹਾਂ ਕਿਹਾ ਕਿ ਇਹ ਸਾਰੇ ਗੰਭੀਰ ਸਵਾਲ ਹਨ, ਜਿਨ੍ਹਾਂ ਦੇ ਜਵਾਬ ਮੁੱਖ ਮੰਤਰੀ ਮਾਨ ਨੂੰ ਦੇਣੇ ਚਾਹੀਦੇ ਹਨ।