Zila Parishad Elections : ਭਿਖੀਵਿੰਡ ਚ ਆਪ ਦੀ ਧੱਕੇਸ਼ਾਹੀ ਖਿਲਾਫ਼ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਲਾਇਆ ਰੋਸ ਧਰਨਾ

Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸਦ ਚੋਣਾਂ ਵਿਚ ਲੋਕਤੰਤਰ ਦੀ ਰਾਖੀ ਵਾਸਤੇ ਪਾਰਟੀ ਵਰਕਰਾਂ ਦੇ ਨਾਲ ਹਨ ਅਤੇ ਹਮੇਸ਼ਾ ਮੋਹਰੀ ਹੋ ਕੇ ਲੜਨਗੇ।

By  KRISHAN KUMAR SHARMA December 3rd 2025 06:28 PM -- Updated: December 3rd 2025 06:30 PM

ਭਿਖੀਵਿੰਡ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਿੱਖੀਵਿੰਡ ਚੌਂਕ ਵਿਚ ਆਮ ਆਦਮੀ ਪਾਰਟੀ (AAP) ਵੱਲੋਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜੇ ਜਾਣ ਅਤੇ ਉਹਨਾਂ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨ ਰੋਕਣ ਲਈ ਕੀਤੀ ਕਾਰਵਾਈ ਦੇ ਖਿਲਾਫ ਰੋਸ ਧਰਨਾ ਦਿੱਤਾ।

ਇਸ ਰੋਸ ਧਰਨੇ ਵਿਚ ਪਾਰਟੀ ਵਰਕਰਾਂ ਦੀ ਅਗਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਧੱਕੇਸ਼ਾਹੀ ਕਰ ਰਹੀ ਹੈ, ਪਰ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸਦ ਚੋਣਾਂ ਵਿਚ ਲੋਕਤੰਤਰ ਦੀ ਰਾਖੀ ਵਾਸਤੇ ਪਾਰਟੀ ਵਰਕਰਾਂ ਦੇ ਨਾਲ ਹਨ ਅਤੇ ਹਮੇਸ਼ਾ ਮੋਹਰੀ ਹੋ ਕੇ ਲੜਨਗੇ। ਉਹਨਾਂ ਕਿਹਾ ਕਿ ਅਸੀਂ ਇਸ ਭ੍ਰਿਸ਼ਟ ਤੇ ਫੇਲ੍ਹ ਹੋਈ ਸਰਕਾਰ ਨੂੰ ਕਿਸੇ ਵੀ ਕੀਮਤ ’ਤੇ ਲੋਕਤੰਤਰ ਦਾ ਕਤਲ ਨਹੀਂ ਕਰਨ ਦਿਆਂਗੇ। ਉਹਨਾਂ ਨੇ ਮੌਕੇ ’ਤੇ ਸੂਬਾ ਚੋਣ ਕਮਿਸ਼ਨ ਨੂੰ ਫੋਨ ਵੀ ਕੀਤਾ ਅਤੇ ਦੱਸਿਆ ਕਿ ਅਕਾਲੀ ਦਲ ਕੋਲ ਇਸ ਗੱਲ ਦੇ ਵੀਡੀਓ ਸਬੂਤ ਮੌਜੂਦ ਹਨ ਕਿ ਆਪ ਆਗੂ ਪੁਲਿਸ ਦੀ ਮਦਦ ਨਾਲ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜ ਰਹੇ ਹਨ।

ਇਸ ਮੌਕੇ ਐਸਐਸਪੀ ਖੁਦ ਧਰਨੇ ਵਾਲੀ ਥਾਂ ਪਹੁੰਚ ਕੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਲਕੇ ਭਰਨ ਦਿੱਤੇ ਜਾਣਗੇ ਜਿਸ ਮਗਰੋਂ ਧਰਨਾ ਚੁੱਕਿਆ ਗਿਆ।

ਸੁਖਬੀਰ ਸਿੰਘ ਬਾਦਲ ਨੇ ਸੂਬੇ ਭਰ ਵਿਚ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਬੇਖੌਫ ਹੋ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਫਿਰ ਉਹ ਲੋਕਤੰਤਰੀ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ। ਉਹਨਾਂ ਨੇ ਸਿਵਲ ਅਫਸਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਵਾਸਤੇ ਇਕਪਾਸੜ ਰਵੱਈਏ ਵਜੋਂ ਕੰਮ ਨਾ ਕਰਨ ਅਤੇ  ਕਿਹਾ ਕਿ ਕਾਨੂੰਨ ਮੁਤਾਬਕ ਤੁਹਾਨੂੰ ਤੁਹਾਡੇ ਗੁਨਾਹਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਪੱਟੀ ਵਿਖੇ ਪਾਰਟੀ ਵਰਕਰਾਂ ਨੂੰ ਵੀ ਸੰਬੋਧਨ ਕੀਤਾ ਅਤੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਪਾਰਟੀ ਵਰਕਰਾਂ ਦੇ ਨਾਲ ਵੀ ਗਏ ਅਤੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਧੱਕੇਸ਼ਾਹੀ ਕਰ ਰਹੀ ਹੈ ਕਿਉਂਕਿ ਇਸਨੂੰ ਡਰ ਹੈ ਕੇ ਲੋਕ ਇਸਨੂੰ ਹਰਾ ਦੇਣਗੇ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੱਤਾ ਵਿਚ ਸਿਰਫ ਇਕ ਸਾਲ ਬਾਕੀ ਰਹਿ ਗਿਆ ਹੈ ਜਦੋਂ ਕਿ ਉਹ ਇਨਵੈਸਟ ਪੰਜਾਬ ਦੇ ਮਾਮਲੇ ਵਿਚ ਜਪਾਨ ਦਾ ਦੌਰਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪਿਛਲੀ ਵਾਰ ਹਾਸ ਰਸ ਕਲਾਕਾਰ ਕਪਿਲ ਸ਼ਰਮਾ ਨੂੰ ਇਸ ਪ੍ਰੋਗਰਾਮ ਵਾਸਤੇ ਸੱਦਿਆ ਗਿਆ ਸੀ ਤੇ ਪ੍ਰੋਗਰਾਮ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਸੀ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਅਹੁਦੇ ਦੀ ਗਰਿਮਾ ਬਣਾ ਕੇ ਰੱਖਣ ਅਤੇ ਚੇਤੇ ਕਰਵਾਇਆ ਕਿ ਉਹਨਾਂ ਨੂੰ ਨਸ਼ੇ ਦੀ ਹਾਲਤ ਵਿਚ ਜਹਾਜ਼ ਵਿਚੋਂ ਹੇਠਾਂ ਲਾਹੁਣ ਵਰਗੀ ਘਟਨਾ ਵਾਪਰੀ ਸੀ।

Related Post