ਅਰਜੁਨ ਬਬੂਟਾ ਨੇ ਏਸ਼ੀਅਨ ਚੈਂਪੀਅਨਸ਼ਿਪ ਚ ਜਿੱਤਿਆ ਸੋਨੇ ਅਤੇ ਚਾਂਦੀ ਦਾ ਤਗ਼ਮਾ; ਓਲੰਪਿਕਸ ਲਈ ਕੀਤਾ ਕੁਆਲੀਫ਼ਾਈ

By  Jasmeet Singh October 27th 2023 04:53 PM -- Updated: October 27th 2023 05:12 PM

ਚੰਡੀਗੜ੍ਹ: ਪੰਜਾਬ ਦੇ ਉਭਰਦੇ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਅਗਲੇ ਸਾਲ ਪੈਰਿਸ ਵਿਖੇ ਹੋਣ ਵਾਲੇ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ। ਅਰਜੁਨ ਨੇ ਅੱਜ ਦੱਖਣੀ ਕੋਰੀਆ ਵਿਖੇ ਚੱਲ ਰਹੀ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਰਾਈਫ਼ਲ ਦੇ ਟੀਮ ਵਰਗ ਵਿੱਚ ਸੋਨੇ ਅਤੇ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਇਹ ਪ੍ਰਾਪਤੀ ਹਾਸਲ ਕੀਤੀ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਰਜੁਨ ਬਬੂਟਾ ਨੂੰ ਇਸ ਪ੍ਰਾਪਤੀ ਲਈ ਮੁਬਾਰਕਾਬਾਦ ਦਿੰਦਿਆਂ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ ਪੈਰਿਸ ਓਲੰਪਿਕਸ ਦਾ ਕੋਟਾ ਹਾਸਲ ਕਰਨ ਵਾਲੇ 10 ਭਾਰਤੀ ਨਿਸ਼ਾਨੇਬਾਜ਼ਾਂ ਵਿੱਚ ਅਰਜੁਨ ਬਬੂਟਾ ਤੀਜਾ ਪੰਜਾਬੀ ਹੈ। ਇਸ ਤੋਂ ਪਹਿਲਾਂ ਸਿਫ਼ਤ ਕੌਰ ਸਮਰਾ ਤੇ ਰਾਜੇਸ਼ਵਰੀ ਕੁਮਾਰੀ ਨੇ ਓਲੰਪਿਕਸ ਲਈ ਕੁਆਲੀਫਾਈ ਕੀਤਾ ਹੈ। ਭਾਰਤੀ ਹਾਕੀ ਟੀਮ ਵੀ ਏਸ਼ਿਆਈ ਖੇਡਾਂ ਦਾ ਸੋਨ ਤਮਗ਼ਾ ਜਿੱਤ ਕੇ ਸਿੱਧਾ ਕੁਆਲੀਫਾਈ ਹੋ ਗਈ ਹੈ ਜਿਸ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਸਣੇ 10 ਪੰਜਾਬੀ ਖਿਡਾਰੀ ਹਨ।

ਮੀਤ ਹੇਅਰ ਨੇ ਮੁਹਾਲੀ ਰਹਿੰਦੇ ਜਲਾਲਾਬਾਦ ਦਾ ਜੰਮਪਲ ਅਰਜੁਨ ਬਬੂਟਾ ਨੂੰ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਛੋਟੀ ਉਮਰ ਦੇ ਇਸ ਨਿਸ਼ਾਨੇਬਾਜ਼ ਨੇ ਪਿਛਲੇ ਸਾਲ ਵਿਸ਼ਵ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਤਹਿਤ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਤਿਆਰੀ ਲਈ ਸੂਬਾ ਸਰਕਾਰ 15 ਲੱਖ ਰੁਪਏ ਪ੍ਰਤੀ ਖਿਡਾਰੀ ਦੇਵੇਗੀ।

ਇਹ ਖ਼ਬਰਾਂ ਵੀ ਪੜ੍ਹੋ: 

Related Post