Canada: ਕੈਨੇਡਾ 'ਚ ਮੰਦਰ ਦੇ ਪ੍ਰਧਾਨ 'ਤੇ ਚੱਲੀਆਂ ਗੋਲੀਆਂ, ਜਾਂਚ ਜਾਰੀ

By  KRISHAN KUMAR SHARMA December 29th 2023 11:00 AM

ਪੀਟੀਸੀ ਨਿਊਜ਼ ਡੈਸਕ: ਕੈਨੇਡਾ ਦੇ ਸਰੀ 'ਚ ਇੱਕ ਮੰਦਰ ਦੇ ਪ੍ਰਧਾਨ 'ਤੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਗੋਲੀਬਾਰੀ ਦੀ ਘਟਨਾ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਪੁੱਤਰ ਦੀ ਰਿਹਾਇਸ਼ 'ਤੇ ਹੋਈ। ਮੰਦਰ ਦੇ ਪ੍ਰਧਾਨ ਦੇ ਨਾਲ-ਨਾਲ ਸਤੀਸ਼ ਕੁਮਾਰ ਇੱਕ ਪ੍ਰਮੁੱਖ ਕਾਰੋਬਾਰੀ ਵੀ ਹਨ। ਸਤੀਸ਼ ਕੁਮਾਰ ਨੇ ਦੱਸਿਆ ਕਿ ਹਮਲੇ ਵਿੱਚ ਲਗਭਗ 14 ਗੋਲੀਆਂ ਚਲਾਈਆਂ ਗਈਆਂ।

ਸਰੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਨੇ ਖੁਲਾਸਾ ਕੀਤਾ ਕਿ ਘਟਨਾ 27 ਦਸੰਬਰ ਨੂੰ ਸਵੇਰੇ 8:03 ਵਜੇ 80 ਐਵੇਨਿਊ ਦੇ 14900 ਬਲਾਕ ਵਿੱਚ ਸਤੀਸ਼ ਕੁਮਾਰ ਦੇ ਵੱਡੇ ਪੁੱਤਰ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਵਾਪਰੀ ਸੀ। ਘਟਨਾ 'ਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਘਟਨਾ ਦੀ ਸੂਚਨਾ ਮਿਲਣ 'ਤੇ ਸਰੀ ਆਰਸੀਐਮਪੀ ਦੀ ਜਨਰਲ ਇਨਵੈਸਟੀਗੇਸ਼ਨ ਯੂਨਿਟ ਨੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮਾਮਲੇ ਦਾ ਚਾਰਜ ਸੰਭਾਲ ਲਿਆ ਹੈ। ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਦੇ ਸੰਭਾਵੀ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ।

ਮੰਦਰ 'ਤੇ ਤੀਜਾ ਹਮਲਾ

ਜ਼ਿਕਰਯੋਗ ਹੈ ਕਿ ਇਸ ਮੰਦਰ 'ਚ ਕੁੱਝ ਦਿਨ ਪਹਿਲਾਂ ਵੀ ਵਿਵਾਦਤ ਨਾਅਰੇ ਲਿਖੇ ਗਏ ਸਨ। ਗਰਮ ਖਿਆਲੀ ਧੜੇ ਦੇ ਸਮਰਥਕਾਂ ਵੱਲੋਂ ਮੰਦਰ 'ਤੇ ਇਹ ਹੁਣ ਤੀਜਾ ਹਮਲਾ ਕੀਤਾ ਗਿਆ ਹੈ, ਕਿਉਂਕਿ ਪਿਛਲੇ ਮਹੀਨੇ ਵੀ ਕੈਂਪਸ 'ਚ ਵੀ ਇਸਦੇ ਕੁੱਝ ਸਮਰਥਕ, ਸਤੀਸ਼ ਕੁਮਾਰ 'ਤੇ ਹਮਲਾ ਕਰਨ ਲਈ ਇਕੱਠੇ ਹੋਏ ਸਨ।

ਦੂਜੇ ਪਾਸੇ ਕੈਨੇਡੀਅਨ ਸਰਕਾਰ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਪ੍ਰਭਾਵਿਤ ਭਾਈਚਾਰਿਆਂ ਲਈ ਸਹਾਇਤਾ ਦਾ ਵਾਅਦਾ ਕੀਤਾ ਹੈ। ਇਨ੍ਹਾਂ ਭਰੋਸੇ ਦੇ ਬਾਵਜੂਦ ਹਿੰਦੂ ਭਾਈਚਾਰਾ ਇਨ੍ਹਾਂ ਦੁਖਦਾਈ ਘਟਨਾਵਾਂ ਦੇ ਮੱਦੇਨਜ਼ਰ ਸੁਚੇਤ ਰਹਿੰਦਾ ਹੈ।

Related Post