ਅੰਮ੍ਰਿਤ ਛਕਾਉਣ ਦੀ ਤਸਵੀਰ ’ਚ ਗੁਰੂ ਸਾਹਿਬ ਦੇ ਪੈਰੀਂ ਜੋੜਾ ਦਿਖਾਉਣਾ ਸਿੱਖ ਸਿਧਾਂਤਾਂ ਦਾ ਉਲੰਘਣ : ਐਡਵੋਕੇਟ ਹਰਜਿੰਦਰ ਸਿੰਘ ਧਾਮੀ
Sri Guru Gobind Singh Ji : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਯਾਦਗਾਰ ਵਿਚ ਲਗਾਈ ਤਸਵੀਰ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾਉਂਦੇ ਸਮੇਂ ਪੈਰਾਂ ਵਿਚ ਜੋੜਾ (ਜੁੱਤਾ) ਦਿਖਾਉਣਾ ਸਿੱਖ ਸਿਧਾਂਤਾਂ, ਮਰਯਾਦਾ ਅਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ।
SGPC News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੀ ਗਈ ਭਾਈ ਜੈਤਾ ਜੀ ਦੀ ਯਾਦਗਾਰ ਵਿੱਚ ਲਗਾਈ ਗਈ ਤਸਵੀਰ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਯਾਦਗਾਰ ਵਿਚ ਲਗਾਈ ਤਸਵੀਰ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾਉਂਦੇ ਸਮੇਂ ਪੈਰਾਂ ਵਿਚ ਜੋੜਾ (ਜੁੱਤਾ) ਦਿਖਾਉਣਾ ਸਿੱਖ ਸਿਧਾਂਤਾਂ, ਮਰਯਾਦਾ ਅਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਯਾਦਗਾਰ, ਜਿਸਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ, ਸੰਗਤ ਨੂੰ ਸੇਧ ਦੇਣ ਦੀ ਥਾਂ ਠੇਸ ਪਹੁੰਚਾਏਗੀ।
ਉਨ੍ਹਾਂ ਕਿਹਾ ਕਿ ਸਿੱਖੀ ਅਨੁਸਾਰ, ਅੰਮ੍ਰਿਤ ਸੰਸਕਾਰ ਇਕ ਪਵਿੱਤਰ ਤੇ ਮਰਯਾਦਤ ਸੰਸਕਾਰ ਹੈ, ਜਿਸ ਵਿੱਚ ਆਦਰ ਤੇ ਸਤਿਕਾਰ ਦਾ ਦਾ ਹੋਣਾ ਲਾਜ਼ਮੀ ਹੈ। ਪਰ ਸਰਕਾਰ ਨੇ ਤਸਵੀਰ ਰਾਹੀਂ ਇਸ ਪਵਿੱਤਰ ਪ੍ਰਕਿਰਿਆ ਨੂੰ ਵਿਗਾੜਨ ਦੀ ਹਰਕਤ ਕਰਕੇ ਸਿਧਾਂਤਕ ਉਲੰਘਣਾ ਕੀਤੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਦੀ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਵੀ ਸਰਕਾਰ ਨੇ ਸ੍ਰੀਨਗਰ ਵਿੱਚ ਕੀਤੇ ਧਾਰਮਿਕ ਸਮਾਗਮ ਦੌਰਾਨ ਮਰਯਾਦਾ ਦੀ ਉਲੰਘਣਾ ਕੀਤੀ ਸੀ, ਅਤੇ ਹੁਣ ਭਾਈ ਜੈਤਾ ਜੀ ਦੀ ਸਥਾਪਿਤ ਕੀਤੀ ਯਾਦਗਾਰ ਵਿੱਚ ਸਿਧਾਂਤ ਵਿਰੁੱਧ ਤਸਵੀਰ ਲਗਾ ਕੇ ਦੁਬਾਰਾ ਅਜਿਹਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸਰਕਾਰ ਧਾਰਮਿਕ ਤੇ ਇਤਿਹਾਸਕ ਮਾਮਲਿਆਂ ਦੀ ਸਮਝ ਨਾ ਰੱਖਣ ਵਾਲੇ ਅਧਿਕਾਰੀਆਂ ਤੋਂ ਕੰਮ ਲੈ ਰਹੀ ਹੈ, ਜਿਸ ਕਰਕੇ ਅਜਿਹੇ ਗੰਭੀਰ ਸਿਧਾਂਤਕ ਉਲੰਘਣ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਇਕ ਮਰਯਾਦਤ ਜੀਵਨ ਜਾਚ ਦਾ ਨਾਮ ਹੈ ਅਤੇ ਇਸ ਦੀ ਵਿਲੱਖਣਤਾ ਇਸ ਦੀਆਂ ਮੌਲਿਕ ਕਦਰਾਂ ਤੇ ਆਦਰਸ਼ਾਂ ਵਿੱਚ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ੁਰੂ ਤੋਂ ਹੀ ਇਹ ਆਖ ਰਹੀ ਹੈ ਕਿ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨਾਲ ਜੁੜੇ ਵਿਕਾਸ ਕਾਰਜਾਂ ’ਤੇ ਧਿਆਨ ਦੇਵੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਆਯੋਜਿਤ ਧਾਰਮਿਕ ਸਮਾਗਮਾਂ ਵਿੱਚ ਸਹਿਯੋਗ ਕਰੇ। ਪਰ ਸਰਕਾਰ ਨੂੰ ਤਾਂ ਸਿਆਸਤ ਬਿਨਾਂ ਕੁਝ ਹੋਰ ਦਿਸ ਹੀ ਨਹੀਂ ਰਿਹਾ।
ਐਡਵੋਕੇਟ ਧਾਮੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਤੁਰੰਤ ਇਸ ਤਸਵੀਰ ਨੂੰ ਮੈਮੋਰੀਅਲ ਤੋਂ ਹਟਾਏ ਅਤੇ ਕੌਮ ਪਾਸੋਂ ਮੁਆਫ਼ੀ ਮੰਗੇ। ਜੇਕਰ ਸਰਕਾਰ ਨੇ ਇਸ ਗੰਭੀਰ ਮਾਮਲੇ ਨੂੰ ਹਲਕਾ ਲਿਆ ਤਾਂ ਸ਼੍ਰੋਮਣੀ ਕਮੇਟੀ ਇਸ ਉਤੇ ਆਪਣੇ ਪੱਧਰ ’ਤੇ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।