ਪੰਜਾਬ ਚ CTET ਪ੍ਰੀਖਿਆ ਦੌਰਾਨ ਸਿੱਖ ਮਹਿਲਾ ਦਾ ਉਤਰਵਾਇਆ ਗਿਆ ਕੜਾ ! SGPC ਨੇ ਜਾਂਚ ਦੇ ਦਿੱਤੇ ਨਿਰਦੇਸ਼

Bathinda News : ਬਠਿੰਡਾ ਜ਼ਿਲ੍ਹੇ 'ਚ CTET ਪ੍ਰੀਖਿਆ ਦੌਰਾਨ ਇੱਕ ਸਿੱਖ ਮਹਿਲਾ ਦਾ ਕੜਾ (ਕਕਾਰਾਂ ਦੀ ਬੇਅਦਬੀ) ਉਤਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਧਿਆਨ ਵਿੱਚ ਆਉਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ।

By  KRISHAN KUMAR SHARMA February 9th 2026 03:48 PM -- Updated: February 9th 2026 03:56 PM

Bathinda News : ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਜਿਥੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਉਥੇ ਹੀ ਹੁਣ ਬਠਿੰਡਾ ਜ਼ਿਲ੍ਹੇ 'ਚ CTET ਪ੍ਰੀਖਿਆ ਦੌਰਾਨ ਇੱਕ ਸਿੱਖ ਮਹਿਲਾ ਦਾ ਕੜਾ (ਕਕਾਰਾਂ ਦੀ ਬੇਅਦਬੀ) ਉਤਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਧਿਆਨ ਵਿੱਚ ਆਉਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ।

CTET ਪ੍ਰੀਖਿਆ ਵਿੱਚ ਕੜਾ ਲੁਹਾਏ ਜਾਣ ਤੋਂ ਬਾਅਦ ਹੋਇਆ ਵਿਵਾਦ

ਵਿਵਾਦਤ ਮਾਮਲਾ ਬਠਿੰਡਾ ਦੇ ਪਿੰਡ ਭੋਖੜਾ ਵਿਖੇ ਦਿੱਲੀ ਪਬਲਿਕ ਸਕੂਲ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਦੇ ਵਿੱਚ ਕੜਾ ਲੁਹਾਏ ਜਾਣ 'ਤੇ ਸਖ਼ਤ ਨੋਟਿਸ ਲੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਦੀ ਪੜਤਾਲ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਵਾਸਤੇ ਲਿਖਿਆ ਜਾਵੇਗਾ।

ਇਸ ਮਾਮਲੇ ਦੀ ਜੋ ਵੀਡੀਓ ਸਾਹਮਣੇ ਆਈ ਹੈ ਉਸ ਵਿੱਚ ਦੋ ਸਿੱਖ ਵਿਅਕਤੀਆਂ ਅਤੇ ਸਕੂਲ ਦੇ ਪ੍ਰਬੰਧਕਾਂ ਵਿਚਾਲੇ ਗੱਲਬਾਤ ਹੋ ਰਹੀ ਹੈ। ਵਿਅਕਤੀਆਂ ਵੱਲੋਂ ਪ੍ਰੀਖਿਆ ਦੇਣ ਆਈ ਸਿੱਖ ਮਹਿਲਾ ਦਾ ਕੜਾ ਕਿਉਂ ਉਤਰਵਾਇਆ ਗਿਆ ਹੈ? ਇਸ ਦਾ ਜਵਾਬ ਮੰਗਿਆ ਜਾ ਰਿਹਾ ਹੈ, ਜਦਕਿ ਅੱਗੋਂ ਸਕੂਲ ਪ੍ਰਬੰਧਕ, ਸੀਬੀਐਸਈ (CBSE) ਦੀ ਗਾਈਡਲਾਈਨ ਦਿਖਾ ਰਹੇ ਹਨ ਅਤੇ ਬਾਅਦ ਵਿੱਚ ਮਾਫੀ ਵੀ ਮੰਗ ਰਹੇ ਹਨ।

ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸਖ਼ਤ ਸ਼ਬਦਾਂ 'ਚ ਕੀਤੀ ਨਿਖੇਧੀ

ਉਧਰ, ਪਿਛਲੇ ਦਿਨੀਂ ਅਧਿਆਪਕ ਯੋਗਤਾ ਪ੍ਰੀਖਿਆ ਲਈ ਦਿੱਲੀ ਪਬਲਿਕ ਸਕੂਲ, ਪਿੰਡ ਭੋਖੜਾ (ਬਠਿੰਡਾ) ਵਿਖੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਵਿੱਚ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣ ਦੀ ਘਟਨਾ ਬਾਰੇ ਪਤਾ ਲੱਗਣ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਿੱਖ ਵਿਰੋਧੀ ਮਾਨਸਿਕਤਾ ਨੂੰ ਪ੍ਰਗਟਾਉਂਦਾ ਹੈ, ਜਦਕਿ ਸਭ ਨੂੰ ਪਤਾ ਹੈ ਕਿ ਕੜਾ, ਸਿੱਖਾਂ ਦਾ ਕਕਾਰ ਹੈ ਅਤੇ ਸਰੀਰ ਦਾ ਅਨਿੱਖੜਵਾਂ ਅੰਗ ਹੈ, ਜਿਸ ਨੂੰ ਸਰੀਰ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਗੁਰੂਆਂ ਦੀ ਚਰਨਛੋਹ ਪ੍ਰਾਪਤ ਧਰਤੀ ਪੰਜਾਬ ਦੇ ਅੰਦਰ ਅਜਿਹੀਆਂ ਹਰਕਤਾਂ ਦਾ ਹੋਣਾ ਬਹੁਤ ਮੰਦਭਾਗਾ ਅਤੇ ਦੁਖਦਾਈ ਹੈ। ਜੇਕਰ ਸਰਕਾਰਾਂ ਇਹਨਾਂ ਕੋਝੀਆਂ ਹਰਕਤਾਂ ਤੋਂ ਬਾਜ਼ ਨਾ ਆਈਆਂ ਤਾ ਅਗਲੇ ਕਦਮ ਚੁੱਕਣੇ ਪੈਣਗੇ।

Related Post