SKM ਵੱਲੋਂ ਸੰਘਰਸ਼ ਦਾ ਐਲਾਨ, ਦੇਸ਼ ਭਰ ਚ 10 ਮਾਰਚ ਤੋਂ ਸ਼ੁਰੂ ਹੋਣਗੀਆਂ “ਕਿਸਾਨ ਬਚਾਓ” ਰੈਲੀਆਂ, 6 ਨੂੰ ਬਠਿੰਡਾ ਚ ਕੀਤਾ ਜਾਵੇਗਾ ਕਿਸਾਨ ਮਾਰਚ

SKM News : ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 10 ਮਾਰਚ ਤੋਂ 13 ਅਪ੍ਰੈਲ ਤੱਕ ਪੂਰੇ ਦੇਸ਼ ਵਿੱਚ “ਕਿਸਾਨ ਬਚਾਓ” ਰੈਲੀਆਂ ਕੀਤੀਆਂ ਜਾਣਗੀਆਂ। ਇਸ ਅਭਿਆਨ ਦੀ ਸ਼ੁਰੂਆਤ 10 ਮਾਰਚ ਨੂੰ ਪੰਜਾਬ ਦੇ ਬਰਨਾਲਾ ਵਿੱਚ ਵੱਡੀ ਰੈਲੀ ਨਾਲ ਕੀਤੀ ਜਾਵੇਗੀ।

By  KRISHAN KUMAR SHARMA March 3rd 2026 07:59 PM -- Updated: March 3rd 2026 08:02 PM

SKM News : ਲੁਧਿਆਣਾ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਅਹਿਮ ਮੀਟਿੰਗ ਸਤਨਾਮ ਸਿੰਘ ਅਜਨਾਲਾ, ਸੁਖਦੇਵ ਸਿੰਘ ਆਰਇਆ ਵਾਲਾ ਅਤੇ ਗੁਰਮੀਤ ਸਿੰਘ ਮਹਿਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਆਉਣ ਵਾਲੇ ਸੰਘਰਸ਼ੀ ਕਾਰਜਕ੍ਰਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 6 ਮਾਰਚ ਨੂੰ ਬਠਿੰਡਾ ਸ਼ਹਿਰ ਵਿੱਚ ਸਰਕਾਰ ਦੇ ਕਥਿਤ ਜਬਰ ਵਿਰੁੱਧ ਵੱਡਾ ਕਿਸਾਨ ਮਾਰਚ ਕੀਤਾ ਜਾਵੇਗਾ।

ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਸੰਘਰਸ਼ ਕਰਨ ਦਾ ਲੋਕਤੰਤਰਿਕ ਅਧਿਕਾਰ ਖੋਹ ਲਿਆ ਹੈ। 5 ਮਾਰਚ 2025 ਨੂੰ ਚੰਡੀਗੜ੍ਹ ਵਿੱਚ ਮੋਰਚਾ ਲਗਾਉਣ ਤੋਂ ਕਿਸਾਨਾਂ ਨੂੰ ਰੋਕਿਆ ਗਿਆ, ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ, ਲਾਠੀਚਾਰਜ ਕੀਤਾ ਗਿਆ ਅਤੇ ਕਈਆਂ ਨੂੰ ਗ੍ਰਿਫ਼ਤਾਰ ਕਰ ਜੇਲ੍ਹਾਂ ਵਿੱਚ ਡੱਕਿਆ ਗਿਆ। ਇਸ ਤੋਂ ਇਲਾਵਾ ਜਿਉਂਦ ਪਿੰਡ ਵਿੱਚ 700 ਏਕੜ ਜ਼ਮੀਨ ਰਿਲਾਇੰਸ ਕੰਪਨੀ ਨੂੰ ਦੇਣ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ‘ਤੇ ਵੀ ਕਾਰਵਾਈ ਹੋਣ ਦੇ ਦੋਸ਼ ਲਗਾਏ ਗਏ।

ਆਗੂਆਂ ਨੇ ਕਿਹਾ ਕਿ ਬਠਿੰਡਾ ਵਿੱਚ ਵੀ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ, ਜੋ ਲੋਕਤੰਤਰ ਲਈ ਚਿੰਤਾਜਨਕ ਹੈ। ਉਨ੍ਹਾਂ ਦੇ ਅਨੁਸਾਰ ਪੰਜਾਬ ਨੂੰ “ਪੁਲਿਸ ਸਟੇਟ” ਬਣਾਇਆ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।

10 ਮਾਰਚ ਨੂੰ ਬਰਨਾਲਾ ਵਿੱਚ ਵੱਡੀ ਕਿਸਾਨ ਬਚਾਓ ਰੈਲੀ

24 ਫਰਵਰੀ ਨੂੰ ਕੁਰੂਕਸ਼ੇਤਰ ਵਿੱਚ ਹੋਈ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 10 ਮਾਰਚ ਤੋਂ 13 ਅਪ੍ਰੈਲ ਤੱਕ ਪੂਰੇ ਦੇਸ਼ ਵਿੱਚ “ਕਿਸਾਨ ਬਚਾਓ” ਰੈਲੀਆਂ ਕੀਤੀਆਂ ਜਾਣਗੀਆਂ। ਇਸ ਅਭਿਆਨ ਦੀ ਸ਼ੁਰੂਆਤ 10 ਮਾਰਚ ਨੂੰ ਪੰਜਾਬ ਦੇ ਬਰਨਾਲਾ ਵਿੱਚ ਵੱਡੀ ਰੈਲੀ ਨਾਲ ਕੀਤੀ ਜਾਵੇਗੀ।

ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ, ਬੀਜ ਬਿੱਲ 2025 ਅਤੇ ਬਿਜਲੀ ਬਿੱਲ 2025 ਨੂੰ ਵਾਪਸ ਲੈਣ, ਮਨਰੇਗਾ ਕਾਨੂੰਨ ਬਹਾਲ ਕਰਨ, ਕਿਸਾਨਾਂ ਦੀ ਕਰਜ਼ਾ ਮੁਆਫ਼ੀ ਅਤੇ ਪੰਜਾਬ ਦੇ ਪਾਣੀ ਮਸਲੇ ਦਾ ਹੱਲ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।

ਬਰਨਾਲਾ ਰੈਲੀ ਲਈ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਸ ਰੈਲੀ ਵਿੱਚ 50 ਹਜ਼ਾਰ ਤੋਂ ਵੱਧ ਕਿਸਾਨ ਸ਼ਾਮਿਲ ਹੋਣਗੇ।

23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ

ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ ਭਰ ਵਿੱਚ “ਸਾਮਰਾਜ ਵਿਰੋਧੀ ਦਿਨ” ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ 12 ਮਾਰਚ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਪੰਜਾਬ ਦੀਆਂ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਰਾਜ ਪੱਧਰੀ ਪ੍ਰੋਗਰਾਮਾਂ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ।

Related Post