Amritsar : ਅੰਮ੍ਰਿਤਸਰ ਚ ਤਾਰ-ਤਾਰ ਹੋਏ ਖੂਨ ਦੇ ਰਿਸ਼ਤੇ, ਪੁੱਤ ਨੇ ਪੈਸਿਆਂ ਖਾਤਰ ਮਾਂ ਦਾ ਗਲਾ ਘੁੱਟ ਕੇ ਕੀਤਾ ਕਤਲ
Son Killed Mother : ਮ੍ਰਿਤਕ ਔਰਤ ਦਾ ਪਤੀ ਫੌਜ ਵਿੱਚ ਸੀ ਅਤੇ ਉਸਦੀ ਪੰਜ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਫੌਜੀ ਦੀ ਮੌਤ ਤੋਂ ਬਾਅਦ ਮਿਲੇ ਮੁਆਵਜ਼ੇ ਅਤੇ ਪੈਸਿਆਂ ਨੂੰ ਲੈ ਕੇ ਘਰ ਵਿੱਚ ਵਿਵਾਦ ਚੱਲ ਰਿਹਾ ਸੀ।
Amritsar News : ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਪਿੰਡ ਤਨੇਲ ਵਿੱਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ। ਇੱਕ ਨੌਜਵਾਨ ਨੇ ਆਪਣੇ ਹੀ ਮਾਂ ਦਾ ਕਤਲ (Boy killed his Mother) ਕਰ ਦਿੱਤਾ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣ ਗਿਆ ਹੈ।
ਮੁਆਵਜ਼ੇ ਦੇ ਪੈਸਿਆਂ ਨੂੰ ਲੈ ਕੇ ਸੀ ਵਿਵਾਦ
ਜਾਣਕਾਰੀ ਅਨੁਸਾਰ, ਮ੍ਰਿਤਕ ਔਰਤ ਦਾ ਪਤੀ ਫੌਜ ਵਿੱਚ ਸੀ ਅਤੇ ਉਸਦੀ ਪੰਜ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਫੌਜੀ ਦੀ ਮੌਤ ਤੋਂ ਬਾਅਦ ਮਿਲੇ ਮੁਆਵਜ਼ੇ ਅਤੇ ਪੈਸਿਆਂ ਨੂੰ ਲੈ ਕੇ ਘਰ ਵਿੱਚ ਵਿਵਾਦ ਚੱਲ ਰਿਹਾ ਸੀ। ਦੋਸ਼ ਹੈ ਕਿ ਮੁੰਡੇ ਦਾ ਫੁੱਫੜ ਲਗਾਤਾਰ ਉਸਨੂੰ ਮਾਂ ਦੇ ਖਿਲਾਫ ਭੜਕਾ ਰਿਹਾ ਸੀ, ਜਿਸ ਕਾਰਨ ਘਰ ਵਿੱਚ ਤਣਾਅ ਵਧਦਾ ਗਿਆ।
ਪਰਿਵਾਰਕ ਮੈਂਬਰਾਂ ਮੁਤਾਬਕ ਸੋਮਵਾਰ ਨੂੰ ਮਾਂ ਨੂੰ ਮੁੜ ਘਰ ਲਿਆਂਦਾ ਗਿਆ ਸੀ, ਪਰ ਅਗਲੇ ਹੀ ਦਿਨ ਦੁਪਹਿਰ ਕਰੀਬ ਤਿੰਨ ਵਜੇ ਮੁੰਡੇ ਕਰਮਵੀਰ ਨੇ ਆਪਣੀ ਮਾਂ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਸਿਰ ‘ਤੇ ਵੀ ਵਾਰ ਕੀਤੇ, ਜਿਸ ਨਾਲ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਇਹ ਸਾਰਾ ਕੁਝ ਪੈਸਿਆਂ ਦੇ ਲਾਲਚ ਕਾਰਨ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਫੌਜੀ ਦੀ ਮੌਤ ਤੋਂ ਬਾਅਦ ਮਿਲੇ ਲੱਖਾਂ ਰੁਪਏ ਨੂੰ ਲੈ ਕੇ ਘਰ ਵਿੱਚ ਵਿਵਾਦ ਸੀ ਅਤੇ ਮੁੰਡੇ ਨੂੰ ਗਲਤ ਰਾਹ 'ਤੇ ਪਾਇਆ ਗਿਆ। ਪਰਿਵਾਰ ਨੇ ਇਹ ਵੀ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਕਿਸੇ ਵੀ ਕੀਮਤ ‘ਤੇ ਉਨ੍ਹਾਂ ਨੂੰ ਬਖ਼ਸ਼ਿਆ ਨਾ ਜਾਵੇ।
ਦੂਜੇ ਪਾਸੇ, ਜਦੋਂ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੀਡੀਆ ਦੇ ਸਵਾਲਾਂ ਤੋਂ ਕਿਨਾਰਾ ਕਰਦੇ ਨਜ਼ਰ ਆਏ। ਪੁਲਿਸ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਉੱਚ ਅਧਿਕਾਰੀ ਹੀ ਦੇਣਗੇ। ਫਿਲਹਾਲ, ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪੂਰੇ ਮਾਮਲੇ ‘ਚ ਸੱਚ ਸਾਹਮਣੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ... Canada News : ਕੈਨੇਡਾ 'ਚ 2 ਮਿਲੀਅਨ ਡਾਲਰ ਦੇ ਗਾਂਜੇ ਦਾ ਟਰਾਲਾ ਚੋਰੀ, ਭਾਰਤੀ ਮੂਲ ਦੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ