Thu, Apr 30, 2026
Whatsapp

ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ, ਜਾਣੋ ਕਿਉਂ ?

SGPC : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਨਵੀਂ ਨੀਤੀ ਨੂੰ ਲਾਗੂ ਕਰਨ ਤੱਕ ਸੰਗਤ ਨੂੰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਨਹੀਂ ਕਰਵਾਏ ਜਾ ਸਕਣਗੇ। ਇਸ ਲਈ 20 ਮਈ ਤੋਂ ਬਾਅਦ ਹੀ ਸੰਗਤਾਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਾਪਤ ਕਰ ਸਕਣਗੀਆਂ।

Reported by:  PTC News Desk  Edited by:  KRISHAN KUMAR SHARMA -- April 30th 2026 05:20 PM -- Updated: April 30th 2026 05:22 PM
ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ, ਜਾਣੋ ਕਿਉਂ ?

ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ, ਜਾਣੋ ਕਿਉਂ ?

Sri Guru Granth Sahib : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸੰਗਤ ਅਤੇ ਗੁਰਦੁਆਰਾ ਸਾਹਿਬਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026” ਪਾਸ ਕਰਨ ਮਗਰੋਂ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਅਤੇ ਸੰਗਤ ਦੀ ਮੰਗ ਅਨੁਸਾਰ ਸਰੂਪ ਦੇਣ ਦੇ ਨਿਯਮਾਂ ਵਿੱਚ ਕੀਤੀ ਜਾ ਰਹੀ ਤਬਦੀਲੀ ਦੇ ਮੱਦੇਨਜ਼ਰ ਇਹ ਨਿਰਣਾ ਲਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਬਲੀਕੇਸ਼ਨ ਵਿਭਾਗ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪੂਰੀ ਮਰਿਆਦਾ ਅਤੇ ਸਤਿਕਾਰ ਨਾਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਨ ਕਰਕੇ ਸੰਗਤ ਦੀ ਮੰਗ ਅਨੁਸਾਰ ਦੇਸ਼ ਦੁਨੀਆ ਅੰਦਰ ਗੁਰਦੁਆਰਾ ਸਾਹਿਬਾਨ ਵਿਖੇ ਮੁਹਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੇਵਾ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਵੱਲੋਂ ਮੌਕੇ ਪੁਰ ਜਾ ਕੇ ਮਰਿਆਦਾ ਸੰਬੰਧੀ ਰਿਪੋਰਟ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਮੈਂਬਰ ਦੀ ਸਿਫਾਰਿਸ਼ ਨਾਲ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ।


ਸ. ਕਾਹਲਵਾਂ ਨੇ ਦੱਸਿਆ ਕਿ ਭਾਵੇਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਪਹਿਲਾਂ ਤੋਂ ਹੀ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ ਲੇਕਿਨ ਹੁਣ ਇਹ ਕਾਰਜ ਨਵੀਆਂ ਤਰਜੀਹਾਂ ਅਤੇ ਸੇਧਾਂ ਅਨੁਸਾਰ ਕੀਤਾ ਜਾਵੇਗਾ। ਇਸ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਨਵੀਂ ਨੀਤੀ ਨੂੰ ਲਾਗੂ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਨਵੀਂ ਨੀਤੀ ਨੂੰ ਲਾਗੂ ਕਰਨ ਤੱਕ ਸੰਗਤ ਨੂੰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਨਹੀਂ ਕਰਵਾਏ ਜਾ ਸਕਣਗੇ। ਇਸ ਲਈ 20 ਮਈ ਤੋਂ ਬਾਅਦ ਹੀ ਸੰਗਤਾਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਾਪਤ ਕਰ ਸਕਣਗੀਆਂ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਨਵੀਂ ਯੋਜਨਾ ਅਨੁਸਾਰ ਸੰਗਤ ਦੀ ਮੰਗ ’ਤੇ ਦਿੱਤੇ ਜਾਣ ਵਾਲੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਡਿਜੀਟਲ ਰਿਕਾਰਡ ਸਿਸਟਮ ਤਿਆਰ ਕਰਨ ਅਤੇ ਉਸ ਨੂੰ ਵੈਬਸਾਈਟ ’ਤੇ ਪ੍ਰਕਾਸ਼ਿਤ ਕਰਨ ਲਈ ਤਕਨੀਕੀ ਅਤੇ ਪ੍ਰਬੰਧਕੀ ਤਬਦੀਲੀਆਂ ਜਾਰੀ ਹਨ, ਜੋ ਆਉਂਦੇ ਕੁਝ ਦਿਨਾਂ ਤੱਕ ਲਾਗੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਸੰਗਤ ਵੱਲੋਂ ਮੰਗ ਆਉਣ ’ਤੇ ਹੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਨ ਹੋਵੇਗਾ ਅਤੇ ਇਸ ਸਾਰੀ ਪ੍ਰਕਿਰਿਆ ਲਈ ਸੰਗਤ ਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ।

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਾਪਤ ਕਰਨ ਮੌਕੇ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਦੀ ਪਛਾਣ ਫੋਟੋ ਸਮੇਤ ਡਿਜੀਟਲ ਮਾਧਿਅਮ ਨਾਲ ਸੰਭਾਲੀ ਜਾਵੇਗੀ ਅਤੇ ਉਨ੍ਹਾਂ ਨੂੰ ਮੌਕੇ ਪੁਰ ਇੱਕ ਪ੍ਰਮਾਣ ਪੱਤਰ ਦਿੱਤਾ ਜਾਵੇਗਾ, ਜਿਸ ਦੀ ਇੱਕ ਕਾਪੀ ਸੰਗਤ ਨੂੰ ਦਿੱਤੀ ਜਾਵੇਗੀ ਅਤੇ ਇੱਕ ਕਾਪੀ ਪਬਲੀਕੇਸ਼ਨ ਵਿਭਾਗ ਵਿੱਚ ਮੌਜੂਦ ਰਹੇਗੀ। ਇਸ ਦਾ ਡਿਜੀਟਲ ਰੂਪ ਆਪਣੇ ਆਪ ਹੀ ਸ਼੍ਰੋਮਣੀ ਕਮੇਟੀ ਦੇ ਸਰਵਰ ਉੱਤੇ ਹਮੇਸ਼ਾਂ ਲਈ ਸੁਰੱਖਿਅਤ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਕ ਵਿਲੱਖਣ ਪਛਾਣ ਅੰਕ ਨਾਲ ਸਾਰਾ ਵੇਰਵਾ ਜੋੜਿਆ ਜਾਵੇਗਾ, ਜਿਸ ਨੂੰ ਪਬਲੀਕੇਸ਼ਨ ਵਿਭਾਗ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਕਿਸੇ ਵੀ ਸਮੇਂ ਦੇਖਿਆ ਜਾ ਸਕੇਗਾ।

ਸ. ਕਾਹਲਵਾਂ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਸੰਗਤ ਨੂੰ ਦਿੱਤੇ ਜਾਣ ਵਾਲੇ ਪ੍ਰਮਾਣ ਪੱਤਰ ਵਿੱਚ ਸੇਵਾ ਸੰਭਾਲ ਲਈ ਨਿਯਮ ਤੇ ਪ੍ਰੇਰਨਾ ਸਬੰਧੀ ਜਾਣਕਾਰੀ ਵੀ ਦਰਜ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਾਪਤ ਕਰਨ ਆਈ ਸੰਗਤ ਤੋਂ ਇਹ ਵੀ ਪ੍ਰਣ ਲਿਆ ਜਾਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਉਨ੍ਹਾਂ ਦੀ ਜਿੰਮੇਵਾਰੀ ਹੋਵੇਗੀ ਅਤੇ ਲੋੜੀਂਦੀ ਮਰਿਆਦਾ ਅਤੇ ਸਾਵਧਾਨੀਆਂ ਦਾ ਵੀ ਇਸ ਪੱਤਰ ਵਿੱਚ ਜ਼ਿਕਰ ਹੋਵੇਗਾ। ਇਸ ਦੇ ਨਾਲ ਹੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2013 ਵਿੱਚ ਹੋਏ ਆਦੇਸ਼ ਦੀ ਰੌਸ਼ਨੀ ਵਿੱਚ ਮਰਿਆਦਾ ਨੂੰ ਸਨਮੁਖ ਰੱਖਦਿਆਂ ਕਬਰਾਂ, ਸਮਾਧਾਂ ਅਤੇ ਜਠੇਰਿਆਂ ਆਦਿ ਦੀ ਜਗ੍ਹਾ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਨਾਹੀ ਹੈ, ਇਸ ਲਈ ਅਜਿਹੀਆਂ ਥਾਵਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬਾਨ ਤੋਂ ਨਾ ਦੇਣ ਅਤੇ ਹੁਕਮਨਾਮੇ ਦਾ ਪਾਲਣ ਕਰਵਾਉਣ ਦੀ ਜਿੰਮੇਵਾਰੀ ਵੀ ਗੁਰਦੁਆਰਾ ਕਮੇਟੀਆਂ ਦੀ ਹੋਵੇਗੀ।

ਸ਼੍ਰੋਮਣੀ ਕਮੇਟੀ ਸਕੱਤਰ ਨੇ ਕਿਹਾ ਕਿ ਇਸ ਸਾਰੀ ਪ੍ਰਕਿਰਿਆ ਦਾ ਕੇਂਦਰੀਕਰਨ ਕੀਤਾ ਜਾਣ ਕਰਕੇ ਭਵਿੱਖ ਵਿੱਚ ਸੰਗਤ ਨੂੰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਤੋਂ ਹੀ ਦਿੱਤੇ ਜਾਇਆ ਕਰਨਗੇ। ਤਖ਼ਤ ਸਾਹਿਬਾਨ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਹੁਣ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਾਪਤ ਨਹੀਂ ਹੋ ਸਕਣਗੇ।

- PTC NEWS

Top News view more...

Latest News view more...

PTC NETWORK
PTC NETWORK