ਦੋਹਰੇ ਕਤਲਕਾਂਡ ਨਾਲ ਦਹਿਲਿਆ ਜ਼ਿਲ੍ਹਾ ਸੰਗਰੂਰ ; ਜਵਾਈ ਨੇ ਸਾਲੇ ਤੇ ਸਹੁਰੇ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ
ਸੰਗਰੂਰ ’ਚ ਉਸ ਸਮੇਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਵਿਅਕਤੀ ਨੇ ਆਪਣੇ ਸਹੁਰਾ ਅਤੇ ਸਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਮਾਮਲਾ ਪਿੰਡ ਸ਼ਾਦੀ ਹਰੀ ਦਾ ਦੱਸਿਆ ਜਾ ਰਿਹਾ ਹੈ। ਮਾਮਲੇ ਮਗਰੋਂ ਪੂਰੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਦਾ ਆਪਣੀ ਪਤਨੀ ਦੇ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਬੀਤੀ ਰਾਤ ਵੀ ਇਨ੍ਹਾਂ ਦੋਹਾਂ ਵਿਚਾਲੇ ਝਗੜਾ ਹੋਇਆ ਸੀ ਜਿਸ ਨੂੰ ਸੁਲਝਾਉਣ ਦੇ ਲਈ ਦੋਵੇਂ ਪਿਓ ਪੁੱਤ ਪਿੰਡ ਸ਼ਾਦੀ ਹਰੀ ਵਿਖੇ ਪਹੁੰਚੇ ਸੀ। ਗੱਲਬਾਤ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਜਵਾਈ ਨੇ ਗੁੱਸੇ ਵਿੱਚ ਆ ਕੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਗੋਲੀਆਂ ਚੱਲਦੇ ਹੀ ਦੋਵੇਂ ਜ਼ਮੀਨ 'ਤੇ ਡਿੱਗ ਪਏ, ਜਿਸ ਨਾਲ ਮੌਕੇ 'ਤੇ ਹੰਗਾਮਾ ਹੋ ਗਿਆ। ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ ਸਹੁਰਾ ਲਖਬੀਰ ਸਿੰਘ ਅਤੇ ਜੀਜਾ ਜਗਸੀਰ ਸਿੰਘ ਵਜੋਂ ਹੋਈ ਹੈ, ਜਦਕਿ ਦੋਸ਼ੀ ਗੁਰਵਿੰਦਰ ਸਿੰਘ ਹੈ।
ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਤੇ ਉਸਦੀ ਪਤਨੀ ਵਿੱਚ ਝਗੜਾ ਹੋਇਆ ਸੀ, ਅਤੇ ਉਸਦੀ ਪਤਨੀ ਨੇ ਆਪਣੇ ਪਿਤਾ ਅਤੇ ਭਰਾ ਨੂੰ ਬੁਲਾਇਆ। ਦੋਵੇਂ ਦੋਸ਼ੀ ਗੁਰਵਿੰਦਰ ਸਿੰਘ ਦੇ ਘਰ ਪਹੁੰਚੇ ਅਤੇ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਪੁਲਿਸ ਦੇ ਅਨੁਸਾਰ, ਗੋਲੀਆਂ ਦੀ ਆਵਾਜ਼ ਸੁਣ ਕੇ ਨੇੜੇ-ਤੇੜੇ ਦੇ ਲੋਕ ਇਕੱਠੇ ਹੋ ਗਏ। ਬਹੁਤ ਜ਼ਿਆਦਾ ਖੂਨ ਵਹਿ ਰਹੇ ਪਿਤਾ-ਪੁੱਤਰ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਜ਼ਖ਼ਮ ਇੰਨੇ ਡੂੰਘੇ ਸਨ ਅਤੇ ਖੂਨ ਦੀ ਕਮੀ ਇੰਨੀ ਗੰਭੀਰ ਸੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਇਹ ਵੀ ਦੱਸਿਆ ਕਿ ਦੋਸ਼ੀ ਵਿਰੁੱਧ ਕਤਲ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਦੋਸ਼ੀ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੇ ਹਨ ਅਤੇ ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : Bathinda ਦੇ ਰਾਮਪੁਰਾ ਫੂਲ ਦੇ ਭਗਤਾ ਭਾਈ ’ਚ ਵਾਪਰਿਆ ਭਿਆਨਕ ਹਾਦਸਾ; ਕੋਲਡ ਸਟੋਰ ਦੀ ਡਿੱਗੀ ਇਮਾਰਤ, 1 ਦੀ ਮੌਤ
- PTC NEWS