Stray Dog Attack : ਮੋਗਾ ਚ ਆਵਾਰਾ ਕੁੱਤਿਆਂ ਦਾ ਕਹਿਰ, 65 ਸਾਲਾ ਬਜ਼ੁਰਗ ਔਰਤ ਨੂੰ ਬੁਰੀ ਤਰ੍ਹਾਂ ਨੋਚਿਆ

Moga Dog Attack : ਔਰਤ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਕੁੱਤੇ ਨੂੰ ਉਥੋਂ ਭਜਾ ਕੇ ਔਰਤ ਨੂੰ ਬਚਾਇਆ। ਇਸ ਤੋਂ ਬਾਅਦ ਗੰਭੀਰ ਜ਼ਖ਼ਮੀ ਜਰਨੈਲ ਕੌਰ ਨੂੰ ਐਂਬੂਲੈਂਸ ਰਾਹੀਂ ਮੋਗਾ ਦੇ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ ਗਿਆ।

By  KRISHAN KUMAR SHARMA September 1st 2026 12:14 PM -- Updated: September 1st 2026 12:26 PM

Moga Dog Attack : ਮੋਗਾ ਸ਼ਹਿਰ ਦੇ ਇੰਦਰ ਸਿੰਘ ਗਿੱਲ ਨਗਰ ਵਿੱਚ ਆਵਾਰਾ ਕੁੱਤੇ ਦੇ ਦਹਿਸ਼ਤ ਦਾ ਦਿਲ-ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 65 ਸਾਲਾ ਬਜ਼ੁਰਗ ਔਰਤ ਜਰਨੈਲ ਕੌਰ ’ਤੇ ਇੱਕ ਆਵਾਰਾ ਕੁੱਤੇ ਨੇ ਅਚਾਨਕ ਪਿੱਛੋਂ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।

ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਜਾ ਰਹੀ ਸੀ ਜਰਨੈਲ ਕੌਰ (Stray Dog Attack)

ਜਾਣਕਾਰੀ ਅਨੁਸਾਰ, ਜਰਨੈਲ ਕੌਰ ਆਪਣੇ ਮੁਹੱਲੇ ਦੇ ਕੁਝ ਲੋਕਾਂ ਨਾਲ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਨਗਰ ਨਿਗਮ ਮੋਗਾ ਜਾਣ ਲਈ ਘਰੋਂ ਨਿਕਲੀ ਸੀ। ਘਰ ਤੋਂ ਕੁਝ ਹੀ ਦੂਰੀ ’ਤੇ ਅਚਾਨਕ ਆਵਾਰਾ ਕੁੱਤੇ ਨੇ ਪਿੱਛੋਂ ਉਸ ’ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਪਹਿਲਾਂ ਉਸ ਦੀ ਕਮਰ ਨੂੰ ਨਿਸ਼ਾਨਾ ਬਣਾਇਆ। ਜਾਨ ਬਚਾਉਣ ਲਈ ਜਦੋਂ ਔਰਤ ਨੇ ਹੱਥ ਅੱਗੇ ਕੀਤਾ ਤਾਂ ਕੁੱਤੇ ਨੇ ਉਸ ਦਾ ਹੱਥ ਵੀ ਬੁਰੀ ਤਰ੍ਹਾਂ ਵੱਢ ਲਿਆ।

ਚੀਕਾਂ ਸੁਣ ਕੇ ਲੋਕਾਂ ਨੇ ਕੁੱਤਿਆਂ ਤੋਂ ਛੁਡਾਇਆ

ਔਰਤ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਕੁੱਤੇ ਨੂੰ ਉਥੋਂ ਭਜਾ ਕੇ ਔਰਤ ਨੂੰ ਬਚਾਇਆ। ਇਸ ਤੋਂ ਬਾਅਦ ਗੰਭੀਰ ਜ਼ਖ਼ਮੀ ਜਰਨੈਲ ਕੌਰ ਨੂੰ ਐਂਬੂਲੈਂਸ ਰਾਹੀਂ ਮੋਗਾ ਦੇ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਔਰਤ ਦਾ ਮੁੱਢਲਾ ਇਲਾਜ ਕੀਤਾ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਿਹਤਰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

1 September ਤੋਂ ਆਟੋ-ਟੈਕਸੀ ਦਾ ਕਿਰਾਇਆ ਹੋਇਆ ਮਹਿੰਗਾ; ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ ?

ਲੋਕਾਂ ਨੇ ਮੋਗਾ ਨਗਰ ਨਿਗਮ ਅਧਿਕਾਰੀਆਂ ਕੀਤੀ ਅਪੀਲ

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮੋਗਾ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਲੋਕਾਂ ਅਨੁਸਾਰ ਹਰ ਰੋਜ਼ ਕਰੀਬ 3 ਤੋਂ 4 ਵਿਅਕਤੀ ਆਵਾਰਾ ਕੁੱਤਿਆਂ ਦੇ ਵੱਢਣ ਕਾਰਨ ਇਲਾਜ ਲਈ ਮੋਗਾ ਦੇ ਸਰਕਾਰੀ ਸਿਵਲ ਹਸਪਤਾਲ ਪਹੁੰਚਦੇ ਹਨ। ਇਸ ਦੇ ਬਾਵਜੂਦ ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਅਤੇ ਪ੍ਰਸ਼ਾਸਨ ਵੱਲੋਂ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਰਹੇ।

ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦੇ ਬਾਵਜੂਦ ਜ਼ਿੰਮੇਵਾਰ ਵਿਭਾਗ ਕਦੋਂ ਜਾਗੇਗਾ ? ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ...Gas Cylinder Price Hike : ਮਹਿੰਗਾਈ ਦਾ ਵੱਡਾ ਝਟਕਾ ! ਗੈਸ ਸਿਲੰਡਰ ਦੀਆਂ ਕੀਮਤਾਂ 'ਚ 10 ਰੁਪਏ ਦੇ ਲਗਭਗ ਵਾਧਾ

Related Post