Stray Dog Attack : ਪੰਜਾਬ ਚ ਆਵਾਰਾ ਕੁੱਤਿਆਂ ਦਾ ਕਹਿਰ ਜਾਰੀ, ਸੁਲਤਾਨਪੁਰ ਲੋਧੀ ਚ ਬੁਰੀ ਤਰ੍ਹਾਂ ਨੋਚੇ ਗਏ 8 ਸਾਲਾ ਮਾਸੂਮ ਦੀ ਹੋਈ ਮੌਤ

ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਹਰ ਸੰਭਵ ਮਦਦ ਦੀ ਗੁਹਾਰ ਲਗਾਈ ਹੋਈ ਹੈ। ਦੂਜੇ ਪਾਸੇ ਮਾਸੂਮ ਦੀ ਜ਼ਿੰਦਗੀ ਜ਼ਖਮਾਂ ਨਾਲ ਜੂਝ ਰਹੀ ਹੈ ਅਤੇ ਸਿਸਟਮ ’ਤੇ ਸਵਾਲ ਖੜ੍ਹੇ ਹੋ ਰਹੇ ਹਨ।

By  Aarti February 27th 2026 03:15 PM -- Updated: February 27th 2026 06:14 PM

Sultanpur Stray Dog Attack : ਪੰਜਾਬ ’ਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿੱਥੇ 7 ਤੋਂ 8 ਆਵਾਰਾ ਕੁੱਤਿਆਂ ਨੇ ਹਮਲਾ ਕਰਕੇ ਇੱਕ 8 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਖਾਧਾ। ਹਮਲੇ ਦਾ ਸ਼ਿਕਾਰ ਬੱਚੇ ਨੂੰ ਮਾਪਿਆਂ ਨੇ ਗੰਭੀਰ ਹਾਲਤ ਵਿੱਚ ਪਹਿਲਾਂ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ, ਜਿਥੋਂ ਡਾਕਟਰਾਂ ਨੇ ਹਾਲਤ ਵੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਸੀ। ਪਰੰਤੂ ਉਥੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ, ਪਿੰਡ ਗਿੱਲਾਂ ਦਾ ਇਹ 8 ਸਾਲਾ ਬੱਚਾ ਸੂਰਜ ਕੁਮਾਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਹੈ। ਦੱਸ ਦਈਏ ਕਿ ਆਵਾਰਾ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਖਾਧਾ ਸੀ, ਬੱਚੇ ਦੀ ਹਾਲਤ ਇੰਨੀ ਗੰਭੀਰ ਸੀ  ਕਿ ਉਸਦੇ ਸਿਰ ਦੀ ਖੋਪਰੀ ਤੱਕ ਕੁੱਤਿਆਂ ਨੇ ਉਤਾਰ ਦਿੱਤੀ ਸੀ। ਉਸਦੇ ਪੇਟ ਨੂੰ ਨੋਚ ਕੇ ਪੱਟ ਤੋਂ ਲੱਤਾਂ, ਬਾਹਾਂ, ਹੱਥਾਂ 'ਤੇ ਬੁਰੀ ਤਰ੍ਹਾਂ ਨੋਚੇ ਜਾਣ ਦੇ ਗੰਭੀਰ ਨਿਸ਼ਾਨ ਸਨ।

ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਮ੍ਰਿਤਕ ਬੱਚੇ ਦੇ ਪਿਤਾ ਮੁਨੀਰ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਆਲੂ ਬੀਜ ਰਿਹਾ ਸੀ। ਦੁਪਹਿਰ ਵੇਲੇ ਉਸਦਾ ਪੁੱਤਰ ਆਪਣੀ ਪਤਨੀ ਨਾਲ ਉਸਨੂੰ ਖਾਣਾ ਦੇਣ ਆਇਆ। ਜਿਸ ਤੋਂ ਬਾਅਦ, ਪੁੱਤਰ ਨੇ ਟਾਇਲਟ ਜਾਣ ਲਈ ਕਿਹਾ ਅਤੇ ਉਹ ਖੇਤ ਵਿੱਚ ਚਲਾ ਗਿਆ, ਜਿੱਥੇ 5 ਤੋਂ 6 ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ।

ਇਸ ਦੌਰਾਨ, ਕੁੱਤਿਆਂ ਨੇ ਉਸਨੂੰ ਉਸਦੇ ਸਰੀਰ ਦੇ ਹਰ ਹਿੱਸੇ 'ਤੇ ਵੱਢ ਲਿਆ। ਆਪਣੇ ਪੁੱਤਰ ਦੀਆਂ ਚੀਕਾਂ ਸੁਣ ਕੇ, ਉਹ ਭੱਜ ਕੇ ਕੁੱਤਿਆਂ ਦੇ ਪੰਜੇ 'ਚੋਂ ਛੁਡਾਇਆ ਅਤੇ ਗੰਭੀਰ ਜ਼ਖ਼ਮੀ ਤੇ ਬੇਹੋਸ਼ ਹਾਲਤ 'ਚ ਇਲਾਜ ਲਈ ਜਲੰਧਰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਹੁਣ ਕਿਸਦੀ ਹੋਵੇਗੀ ਜ਼ਿੰਮੇਵਾਰੀ ?

  • ਪੰਜਾਬ ਮਿਊਂਸੀਪਲ ਐਕਟ, 1911 ਅਨੁਸਾਰ ਖਤਰਨਾਕ ਜਾਨਵਰਾਂ ‘ਤੇ ਕਾਬੂ ਅਤੇ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣਾ ਸਥਾਨਕ ਬਾਡੀ ਦੀ ਡਿਊਟੀ ਹੈ।
  • ਜਾਨਵਰਾਂ ਦੇ ਜਨਮ ਨਿਯੰਤਰਣ ਨਿਯਮ, 2001 ਮੁਤਾਬਕ ਆਵਾਰਾ ਕੁੱਤਿਆਂ ਦੀ ਨਸਬੰਦੀ, ਟੀਕਾਕਰਨ ਅਤੇ ਅਗਰ ਕੁੱਤਾ ਖ਼ਤਰਨਾਕ ਹੋਵੇ ਤਾਂ ਉਸਨੂੰ ਅਲੱਗ ਕਰਨਾ ਲਾਜ਼ਮੀ ਹੈ।
  • ਇਸਦੇ ਨਾਲ ਹੀ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ, 1960 ਜਾਨਵਰਾਂ ਦੀ ਰੱਖਿਆ ਦੀ ਗੱਲ ਕਰਦਾ ਹੈ, ਪਰ ਮਨੁੱਖੀ ਜ਼ਿੰਦਗੀ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ।

ਸੁਪਰੀਮ ਕੋਰਟ ਦੇ ਨਿਰਦੇਸ਼ 

ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਆਰਟੀਕਲ 21 ਅਧੀਨ ਜੀਵਨ ਤੇ ਸੁਰੱਖਿਆ ਹਰ ਨਾਗਰਿਕ ਦਾ ਮੂਲ ਅਧਿਕਾਰ ਹੈ। ਅਦਾਲਤਾਂ ਨੇ ਇਹ ਵੀ ਕਿਹਾ ਹੈ ਕਿ ਜੇ ਕਿਸੇ ਖੇਤਰ ਵਿੱਚ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਆਵਾਰਾ ਕੁੱਤਿਆਂ ਦੇ ਹਮਲੇ ਨਾਲ ਗੰਭੀਰ ਚੋਟ ਜਾਂ ਮੌਤ ਹੁੰਦੀ ਹੈ, ਤਾਂ ਸਬੰਧਤ ਸਥਾਨਕ ਪ੍ਰਸ਼ਾਸਨ ਅਤੇ ਰਾਜ ਸਰਕਾਰ ਦੀ ਜ਼ਿੰਮੇਵਾਰੀ ਤੈਅ ਹੋ ਸਕਦੀ ਹੈ ਅਤੇ ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਪਰ ਇਸ ਤਰ੍ਹਾਂ ਦੇ ਮਾਮਲੇ ਦੇ ਬਾਵਜੂਦ ਜੇ ਐਕਟ ਮੌਜੂਦ ਹਨ, ਹਦਾਇਤਾਂ ਸਪਸ਼ਟ ਹਨ, ਤਾਂ ਪੰਜਾਬ ਵਿੱਚ ਵਾਰ-ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ? ਕੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਜ਼ਮੀਨੀ ਪੱਧਰ ‘ਤੇ ਹੋ ਰਹੀ ਹੈ?

ਇਹ ਵੀ ਪੜ੍ਹੋ : Mansa Murder : ਪੰਜਾਬ 'ਚ ਵੱਡੀ ਵਾਰਦਾਤ, ਮਾਨਸਾ 'ਚ ਵਪਾਰੀ ਤੇ ਉਸ ਦੇ ਮੁਲਾਜ਼ਮ ਦਾ ਕਤਲ, ਫਾਰਮ ਹਾਊਸ 'ਚ ਵੜ ਗੋਲੀਆਂ ਨਾਲ ਭੁੰਨੇ

Related Post