ਸੁਖਬੀਰ ਸਿੰਘ ਬਾਦਲ ਦਾ ਵੱਡਾ ਉਪਰਾਲਾ, ਗੁਰੂ-ਕਾ-ਲਾਹੌਰ ਜਾਣ ਵਾਲੀ ਸੰਗਤ ਲਈ 3 ਦਿਨ ਦਾ ਹਿਮਾਚਲ ਐਂਟਰੀ ਟੈਕਸ ਕੀਤਾ ਅਦਾ

Sukhbir Singh Badal : ਡਾ. ਦਲਜੀਤ ਸਿੰਘ ਭਿੰਡਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ ਹੁਣ ਸੰਗਤ ਨੂੰ 21 ਤੋਂ 23 ਤਰੀਕ ਤੱਕ ਹਿਮਾਚਲ 'ਚ ਦਾਖਲੇ ਦੌਰਾਨ ਲੱਗਣ ਵਾਲਾ ਕੋਈ ਟੈਕਸ ਨਹੀਂ ਭਰਨਾ ਪਵੇਗਾ।

By  KRISHAN KUMAR SHARMA January 21st 2026 02:44 PM -- Updated: January 21st 2026 03:03 PM

Guru ka Lahore for jor mel : ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji) ਦੇ ਪਾਵਨ ਵਿਆਹ ਪੁਰਬ ਮੌਕੇ ਗੁਰੂ-ਕਾ-ਲਾਹੌਰ (ਹਿਮਾਚਲ ਪ੍ਰਦੇਸ਼) ਵਿਖੇ ਲੱਗਣ ਵਾਲੇ ਜੋੜ ਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਸੰਗਤਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। 21 ਜਨਵਰੀ ਤੋਂ 23 ਜਨਵਰੀ ਤੱਕ ਗੁਰੂ-ਕਾ-ਲਾਹੌਰ ਜਾਣ ਵਾਲੀਆਂ ਸੰਗਤਾਂ ਨੂੰ ਹਿਮਾਚਲ ਪ੍ਰਦੇਸ਼ ਦਾਖਲੇ ਸਮੇਂ ਲੱਗਣ ਵਾਲਾ ਐਂਟਰੀ ਟੈਕਸ ਅਤੇ ਟੋਲ ਪਲਾਜ਼ਾ ਫੀਸ ਨਹੀਂ (Himachal Entery Tax) ਦੇਣੀ ਪਵੇਗੀ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਐਗਜ਼ੈਕਟਿਵ ਮੈਂਬਰ ਡਾ. ਦਲਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਹਰ ਸਾਲ ਵਿਆਹ ਪੁਰਬ ਮੌਕੇ ਗੁਰੂ-ਕਾ-ਲਾਹੌਰ ਵਿਖੇ ਵੱਡਾ ਜੋੜ ਮੇਲਾ ਲੱਗਦਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਿਰਕਤ ਕਰਨ ਲਈ ਪਹੁੰਚਦੀਆਂ ਹਨ। ਸੰਗਤਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਿੰਨ ਦਿਨਾਂ ਲਈ ਟੋਲ ਪਲਾਜ਼ਾ ਨੂੰ ਫ਼ਰੀ ਰੱਖਣ ਲਈ ਬਣਦੀ ਰਕਮ ਆਪਣੀ ਨਿੱਜੀ ਕਮਾਈ ਵਿੱਚੋਂ ਅਦਾ ਕੀਤੀ ਗਈ ਹੈ।

ਡਾ. ਭਿੰਡਰ ਨੇ ਦੱਸਿਆ ਕਿ ਗੁਰੂ-ਕਾ-ਲਾਹੌਰ ਵਿਖੇ ਹੋਣ ਵਾਲੇ ਸਮਾਗਮਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀਆਂ ਭਰੀਆਂ ਜਾਣਗੀਆਂ। ਇਸ ਤੋਂ ਇਲਾਵਾ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਸੰਪਰਦਾ ਦੇ ਮੁਖੀ ਸੰਤ ਬਾਬਾ ਸਤਨਾਮ ਸਿੰਘ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੱਲੋਂ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਰਹਾਇਸ਼, ਲੰਗਰ ਅਤੇ ਹੋਰ ਸੁਵਿਧਾਵਾਂ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਅੰਤ ਵਿੱਚ ਡਾ. ਦਲਜੀਤ ਸਿੰਘ ਭਿੰਡਰ ਨੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਵਾਹਿਗੁਰੂ ਸੁਖਬੀਰ ਸਿੰਘ ਬਾਦਲ ਦੀ ਨੇਕ ਕਮਾਈ ਵਿੱਚ ਹੋਰ ਬਰਕਤ ਬਖ਼ਸ਼ੇ ਅਤੇ ਉਨ੍ਹਾਂ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਜੋੜ ਮੇਲੇ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

Related Post