Motivational Story : ਗ਼ਰੀਬ ਮੁੰਡੇ-ਕੁੜੀਆਂ ਲਈ ਚਾਨਣ ਮੁਨਾਰਾ ਸੁਰਜੀਤ ਸਿੰਘ, 15 ਸਾਲਾਂ ਤੋਂ ਦੇ ਰਿਹਾ ਮੁਫ਼ਤ ਕੋਚਿੰਗ, ਸੈਂਕੜਿਆਂ ਦਾ ਭਵਿੱਖ ਕੀਤਾ ਰੌਸ਼ਨ

Surjit Singh Nanowal : ਮਾਸਟਰ ਸੁਰਜੀਤ ਸਿੰਘ ਵੱਲੋਂ ਜਦੋਂ ਤੋਂ ਇਸ ਹੁਨਰ ਨੂੰ ਤਰਾਸ਼ਿਆ ਜਾ ਰਿਹਾ ਹੈ, ਉਦੋਂ ਤੋਂ ਵੱਡੀ ਗਿਣਤੀ ਨੌਜਵਾਨ ਬੱਚੇ ਬੱਚੀਆਂ ਵੱਖੋ-ਵੱਖਰੇ ਮਹਿਕਮਿਆਂ 'ਚ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ, ਜੋ ਕਿ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ।

By  KRISHAN KUMAR SHARMA June 29th 2025 01:51 PM -- Updated: June 29th 2025 01:52 PM

ਸ੍ਰੀ ਆਨੰਦਪੁਰ ਸਾਹਿਬ, (ਬੀਐੱਸ ਚਾਨਾ) : ਇਥੋਂ ਦੇ ਨਜ਼ਦੀਕੀ ਪਿੰਡ ਨਾਨੋਵਾਲ ਵਿਖੇ ਬਤੌਰ ਈਟੀਟੀ ਅਧਿਆਪਕ ਸਰਕਾਰੀ ਸਕੂਲ (Government School Teacher) 'ਚ ਸੇਵਾ ਨਿਭਾ ਰਹੇ ਮਾਸਟਰ ਸੁਰਜੀਤ ਸਿੰਘ (Surjit Singh Nanowal) ਵੱਲੋਂ ਕੀਤੇ ਜਾ ਰਹੇ ਲੋਕ ਸੇਵਾ ਦੇ ਕਾਰਜਾਂ ਦੇ ਚਲਦਿਆਂ ਉਹ ਇਲਾਕੇ ਲਈ ਇੱਕ ਚਾਨਣ ਮੁਨਾਰੇ ਵਜੋਂ ਸਥਾਪਿਤ ਹੋਏ ਹਨ। ਗਰੀਬ ਪਰਿਵਾਰ 'ਚ ਪੈਦਾ ਹੋਏ ਮਾਸਟਰ ਸੁਰਜੀਤ ਸਿੰਘ ਆਪਣੇ ਸਕੂਲ ਸਮੇਂ ਤੋਂ ਬਾਅਦ ਇਲਾਕੇ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਭਾਰਤੀ ਫੌਜ, ਪੰਜਾਬ ਪੁਲੀਸ, ਬੈਂਕਿੰਗ ਸੈਕਟਰ ਸਮੇਤ ਹੋਰ ਅਦਾਰਿਆਂ 'ਚ ਨੌਕਰੀ ਪ੍ਰਾਪਤ ਕਰਨ ਲਈ ਲਿਖਤੀ ਟੈਸਟਾਂ ਦੀ ਫਰੀ ਕੋਚਿੰਗ (Free Coaching) ਦੇ ਰਿਹਾ ਹੈ।

ਇਹ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ ਸੁਰਜੀਤ ਸਿੰਘ ਵੱਲੋਂ ਕੋਚਿੰਗ ਪ੍ਰਾਪਤ ਕਰਨ ਤੋਂ ਬਾਅਦ 110 ਨੌਜਵਾਨ ਵੱਖੋ ਵੱਖਰੇ ਮਹਿਕਮਿਆਂ ਚ ਸਰਕਾਰੀ ਨੌਕਰੀਆਂ ਕਰ ਰਹੇ ਹਨ। ਬੇਹਦ ਗਰੀਬ ਪਰਿਵਾਰ 'ਚ ਪੈਦਾ ਹੋਏ ਇਸ ਅਧਿਆਪਕ ਨੂੰ 2006 ਵਿੱਚ ਸਰਕਾਰੀ ਨੌਕਰੀ ਮਿਲੀ ਪ੍ਰੰਤੂ ਸਕੂਲ ਤੋਂ ਨੌਕਰੀ ਤੱਕ ਦਾ ਸਫ਼ਰ ਪਰਿਵਾਰ ਦੀ ਗਰੀਬੀ ਤੇ ਚੱਲਦਿਆਂ ਮੁਸ਼ਕਿਲਾਂ ਭਰਿਆ ਸੀ। ਇਸੇ ਲਈ ਉਸਦੇ ਮੰਨ ਵਿੱਚ ਇੱਛਾ ਸੀ ਕਿ ਆਰਥਿਕ ਪੱਖੋਂ ਪੱਛੜੇ ਇਸ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਤਿਆਰ ਕਰਕੇ ਇਲਾਕੇ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਉਚਾ ਚੁੱਕਿਆ ਜਾਵੇ, ਨੌਜਵਾਨਾਂ 'ਚ ਆਤਮ ਵਿਸ਼ਵਾਸ ਪੈਦਾ ਕੀਤਾ ਜਾਵੇ। ਇਸੇ ਮੰਤਵ ਨਾਲ ਪਿਛਲੇ 15 ਸਾਲ ਤੋਂ ਲਗਾਤਾਰ ਸੁਰਜੀਤ ਸਿੰਘ ਹਰ ਰੋਜ਼ ਆਪਣੇ ਸਕੂਲ ਸਮੇਂ ਤੋਂ ਬਾਅਦ ਸ਼ਾਮ ਵੇਲੇ, ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਤੇ ਇਸ ਤੋਂ ਇਲਾਵਾ ਜਦੋਂ ਕਦੇ ਸਮਾਂ ਮਿਲੇ ਤਾਂ ਸ੍ਰੀ ਆਨੰਦਪੁਰ ਸਾਹਿਬ (Sri Anandapur Sahib News) ਦੇ ਆਸ ਪਾਸ ਦੇ ਪਿੰਡਾਂ ਦੇ ਗਰੀਬ ਨੌਜਵਾਨਾਂ ਨੂੰ ਲਗਾਤਾਰ ਫਰੀ ਕੋਚਿੰਗ ਦੇ ਰਿਹਾ ਹੈ।

''ਪਿੰਡ ਦੇ ਲੋਕਾਂ ਨੂੰ ਸੁਰਜੀਤ ਸਿੰਘ 'ਤੇ ਹੈ ਮਾਣ''

ਅਧਿਆਪਕ ਸੁਰਜੀਤ ਸਿੰਘ ਵੱਲੋਂ ਕੀਤੇ ਜਾ ਰਹੇ ਲੋਕ ਸੇਵਾ ਦੇ ਕਾਰਜਾਂ ਕਰਕੇ ਉਸ ਨੂੰ ਪੰਜਾਬ ਸਕੂਲ ਦੇ ਸਿੱਖਿਆ ਵਿਭਾਗ ਸਮੇਤ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਪਿੰਡ ਨਾਨੋਵਾਲ ਦੇ ਲੋਕਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪਿੰਡ ਦਾ ਇਹ ਨੌਜਵਾਨ ਅਧਿਆਪਕ ਆਪਣੀ ਮਿਹਨਤ ਸਦਕਾ ਪੂਰੇ ਇਲਾਕੇ ਲਈ ਇੱਕ ਮਿਸਾਲ ਬਣ ਚੁੱਕਾ ਹੈ। ਪਿੰਡ ਦੇ ਸਾਬਕਾ ਫੌਜੀ ਭੁਪਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿੰਡ ਆਰਥਿਕ ਤੌਰ ਤੇ ਪਛੜੇ ਹੋਏ ਹਨ, ਸਾਧਨਾਂ ਤੇ ਜਾਗਰੂਕਤਾ ਦੀ ਕਮੀ ਕਾਰਨ ਬਹੁਤੀ ਵਾਰ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ। ਉਨ੍ਹਾਂ ਨੇ ਕਿਹਾ ਕਿ ਸਾਡੇ ਇਲਾਕੇ ਅੰਦਰ ਹੁਨਰ ਦੀ ਕੋਈ ਕਮੀ ਨਹੀਂ ਤੇ ਮਾਸਟਰ ਸੁਰਜੀਤ ਸਿੰਘ ਵੱਲੋਂ ਜਦੋਂ ਤੋਂ ਇਸ ਹੁਨਰ ਨੂੰ ਤਰਾਸ਼ਿਆ ਜਾ ਰਿਹਾ ਹੈ, ਉਦੋਂ ਤੋਂ ਵੱਡੀ ਗਿਣਤੀ ਨੌਜਵਾਨ ਬੱਚੇ ਬੱਚੀਆਂ ਵੱਖੋ-ਵੱਖਰੇ ਮਹਿਕਮਿਆਂ 'ਚ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ, ਜੋ ਕਿ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ।

ਸੁਰਜੀਤ ਸਿੰਘ ਨਾ ਹੁੰਦਾ ਤਾਂ ਸਾਡੀ ਜ਼ਿੰਦਗੀ 'ਸੁਰਜੀਤ' ਨਾ ਹੁੰਦੀ

ਦੂਜੇ ਪਾਸੇ ਸੁਰਜੀਤ ਸਿੰਘ ਕੋਲੋਂ ਮੌਜੂਦਾ ਸਮੇਂ ਫਰੀ ਕੋਚਿੰਗ ਲੈ ਰਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਆਰਥਿਕ ਤੌਰ 'ਤੇ ਮਜਬੂਤ ਨਹੀਂ ਹਨ ਤੇ ਜੇਕਰ ਉਹਨਾਂ ਨੂੰ ਇਹ ਕੋਚਿੰਗ ਫਰੀ ਵਿੱਚ ਨਹੀਂ ਮਿਲਦੀ ਤਾਂ ਸ਼ਾਇਦ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਬਾਰੇ ਨਾ ਸੋਚ ਪਾਉਂਦੇ। ਇਹਨਾਂ ਵਿਦਿਆਰਥੀਆਂ ਨੇ ਕਿਹਾ ਕਿ ਅਧਿਆਪਕ ਸੁਰਜੀਤ ਸਿੰਘ ਦੀ ਲਗਨ, ਵਿਸ਼ਾ ਮੁਹਾਰਤ ਤੇ ਤੁਜ਼ੁਰਬਾ ਉਨ੍ਹਾਂ ਦਾ ਭਵਿੱਖ ਰਾਸ਼ਨ ਵਿੱਚ ਬੇਹਦ ਲਾਹੇਵੰਦ ਸਾਬਿਤ ਹੋਵੇਗਾ।

Related Post