ਸੰਸਦ ਵਿਚ ਸੰਵਿਧਾਨ ’ਤੇ ਹੋਈ ਬਹਿਸ ’ਚ ਬਾਬਾ ਸਾਹਿਬ ਬੀ ਆਰ ਅੰਬੇਡਕਰ ਦਾ ਨਾਂ ਗਲਤ ਢੰਗ ਨਾਲ ਲੈਣ ਲਈ ਮੁਆਫੀ ਮੰਗੋ: ਹਰਸਿਮਰਤ ਕੌਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਸਦ ਵਿਚ ਸੰਵਿਧਾਨ ’ਤੇ ਬਹਿਸ ਦੌਰਾਨ ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਡਕਰ ਦਾ ਨਾਂ ਗਲਤ ਢੰਗ ਨਾਲ ਲੈਣ ਲਈ ਮੁਆਫੀ ਮੰਗਣੀ ਚਾਹੀਦੀ ਹੈ।

By  Amritpal Singh December 19th 2024 04:18 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ  ਅਮਿਤ ਸ਼ਾਹ ਨੂੰ ਸੰਸਦ ਵਿਚ ਸੰਵਿਧਾਨ ’ਤੇ ਬਹਿਸ ਦੌਰਾਨ ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਡਕਰ ਦਾ ਨਾਂ ਗਲਤ ਢੰਗ ਨਾਲ ਲੈਣ ਲਈ ਮੁਆਫੀ ਮੰਗਣੀ ਚਾਹੀਦੀ ਹੈ।

ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੇਕਰ ਕੋਈ ਆਦਮੀ ਆਪਣੀ ਗਲਤੀ ਮੰਨ ਲਵੇ ਤਾਂ ਇਸ ਨਾਲ ਉਸਦਾ ਕੱਦ ਹੋਰ ਉੱਚਾ ਹੀ ਹੁੰਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਵੇਖਿਆ ਹੈ ਕਿ ਕਿਵੇਂ ਸੰਵਿਧਾਨ ਨਿਰਮਾਤਾ ਡਾ.ਬੀ ਆਰ ਅੰਬੇਡਕਰ ਦਾ ਨਾਂ ਸੰਸਦ ਵਿਚ ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ ਕਰ ਕੇ ਲਿਆ ਗਿਆ। ਇਸ ਨਾਲ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਦੇ ਦਾਅਵੇ ਦੇ ਉਲਟ ਗ੍ਰਹਿ ਮੰਤਰੀ ਦੇ ਬਿਆਨ ਨਾਲ ਸਮਾਜ ਦੇ ਦਬੇ ਕੁਚਲੇ ਲੋਕ ਜੋ ਡਾ. ਬੀ ਆਰ ਅੰਬੇਡਕਰ ਨੂੰ ਆਪਣੇ ਮੁਕਤੀ ਦਾਤਾ ਵਜੋਂ ਵੇਖਦੇ ਹਨ, ਉਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਹ ਬਾਬਾ ਸਾਹਿਬ ਨੂੰ ਅਜਿਹੀ ਸ਼ਖਸੀਅਤ ਮੰਨਦੇ ਹਨ ਜਿਹਨਾਂ ਨੇ ਉਹਨਾਂ ਨੂੰ ਸਮਾਜ ਵਿਚ ਸਮਾਨ ਅਧਿਕਾਰ ਦਿੱਤੇ ਜੋ ਕਈ ਸਦੀਆਂ ਤੋਂ ਉਹਨਾਂ ਨੂੰ ਨਹੀਂ ਮਿਲੇ ਸਨ।

ਬਾਦਲ ਨੇ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਨੂੰ ਸਤਿਕਾਰ ਵਜੋਂ ਬਾਬਾ ਸਾਹਿਬ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ ਕਹਿਣਾ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਮੁੱਦਾ ਇਹ ਹੈ ਕਿ ਦੇਸ਼ ਵਿਚ ਸਰਵਉਚ ਅਹੁਦਿਆਂ ’ਤੇ ਬੈਠਣ ਵਾਲੇ ਲੋਕ ਬਾਬਾ ਸਾਹਿਬ ਨੂੰ ਕਿਵੇਂ ਵੇਖਦੇ ਹਨ। ਉਹਨਾਂ ਕਿਹਾ ਕਿ ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿ ਉੱਚ ਅਹੁਦਿਆਂ ’ਤੇ ਬੈਠੇ ਲੋਕਾਂ ਦੇ ਮਨਾਂ ਵਿਚ ਬਾਬਾ ਸਾਹਿਬ ਲਈ ਕੋਈ ਸਨਮਾਨ ਨਹੀਂ ਹੈ। ਉਹਨਾਂ ਕਿਹਾ ਕਿ ਇਸ ਲਈ ਸਾਡੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੰਢਾ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ।

Related Post