Majitha News : ਰੁਮਾਣਾ ਚੱਕ ਚ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਆਹਮੋ-ਸਾਹਮਣੇ ਹੋਈਆਂ ਦੋ ਧਿਰਾਂ, ਪੁਲਿਸ ਤੇ ਪ੍ਰਸ਼ਾਸਨ ਨੇ ਕੀਤਾ ਮਾਮਲਾ ਸ਼ਾਂਤ
Rumana Chak Gurdwara Sahib occupation Matter : ਨਾਇਬ ਤਹਿਸੀਲਦਾਰ ਬੇਅੰਤ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣੀਆ ਹਨ ਅਤੇ ਮਾਲ ਰਿਕਾਰਡ ਨੂੰ ਖੰਗਾਲ ਕੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਰਿਪੋਰਟ ਦਿੱਤੀ ਜਾਵੇਗੀ, ਜਿਸ 'ਤੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਨਿਆਂ ਦੇਣ ਦੇ ਭਰੋਸੇ ਮਗਰੋ ਮਾਮਲਾ ਸ਼ਾਂਤ ਕੀਤਾ ਗਿਆ।
Gurdwara Sangatsar Sahib occupation Matter : ਮਜੀਠਾ ਅਧੀਨ ਆਉਂਦੇ ਪਿੰਡ ਰੁਮਾਣਾ ਚੱਕ ਵਿਖੇ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਪਿੰਡ ਵਿਚ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ, ਜਿਹੜਾ ਕਿ ਬ੍ਰਹਮ ਗਿਆਨੀ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦੇ ਵਰੋਸਾਏ ਬ੍ਰਹਮ ਗਿਆਨੀ ਸੰਤ ਹਰੀ ਸਿੰਘ ਜੀ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਮੁਕੇਰੀਆਂ ਵਾਲਿਆਂ ਦਾ ਤਪ ਅਸਥਾਨ ਹੈ। ਇਸ ਵਕਤ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਭਾਈ ਸਤਿੰਦਰ ਸਿੰਘ ਸੇਵਾ ਨਿਭਾਅ ਰਹੇ ਹਨ।
ਅੱਜ ਮਾਮਲਾ ਉਸ ਵਕਤ ਤਲਖੀ ਵਿਚ ਆਇਆ, ਜਦ ਕਿ ਪਿੰਡ ਦੇ ਹੀ ਕੁਝ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਕਥਿਤ ਤੌਰ 'ਤੇ ਕਬਜ਼ਾ ਕਰਨ ਦੀ ਨੀਯਤ ਨਾਲ ਦਾਖਲ ਹੋਏ, ਜਿਸ 'ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਸੰਗਤਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਮਾਮਲਾ ਭਖਦਾ ਵੇਖ ਕੇ ਗਰੰਥੀ ਸਿੰਘ ਵੱਲੋਂ ਪੁਲਿਸ ਨੂੰ ਫੋਨ 'ਤੇ ਸੂਚਿਤ ਕੀਤਾ ਗਿਆ, ਜਿਸ 'ਤੇ ਥਾਣਾ ਮਜੀਠਾ ਦੇ ਐਸ.ਐਚ.ਓ ਕਰਮਪਾਲ ਸਿੰਘ ਪੁਲਿਸ ਫੋਰਸ ਲੈ ਕੇ ਮੌਕੇ ਪਹੁੰਚੇ ਅਤੇ ਸਾਰਾ ਮਾਮਲਾ ਹੱਥਾਂ ਵਿਚ ਲਿਆ ਅਤੇ ਦੋਹਾਂ ਧਿਰਾਂ ਨੂੰ ਵੱਖ ਕਰਕੇ ਮਾਮਲਾ ਸ਼ਾਂਤ ਕਰਨ ਦੀ ਚਾਰਾਜੋਈ ਕੀਤੀ।
ਕੀ ਹੈ ਪੂਰਾ ਮਾਮਲਾ ?
ਮਾਮਲਾ ਸ਼ਾਂਤ ਨਾ ਹੁੰਦਾ ਵੇਖ ਕੇ ਡੀ.ਐਸ.ਪੀ. ਇੰਦਰਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਅੰਮਿਤਸਰ ਬੇਅੰਤ ਸਿੰਘ ਵੀ ਮੌਕੇ 'ਤੇ ਪੁੱਜ ਗਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਤਿੰਦਰ ਸਿੰਘ ਵੱਲੋ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਗਈ, ਜਿਸ 'ਤੇ ਗੱਲਬਾਤ ਕਰਦਿਆਂ ਗ੍ਰੰਥੀ ਸਤਿੰਦਰ ਸਿੰਘ ਨੇ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਲੰਮੇ ਸਮੇ ਤੋਂ ਬ੍ਰਹਮ ਗਿਆਨੀ ਸੰਤ ਹਰੀ ਸਿੰਘ ਜੀ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਮੁਕੇਰੀਆਂ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਿਹਾ ਹੈ।
ਬਾਬਾ ਸਤਿੰਦਰ ਸਿੰਘ ਨੇ ਕਿਹਾ ਕਿ ਕੁਝ ਸਮੇਂ ਤੋਂ ਬਾਬਾ ਭਗਵਾਨ ਸਿੰਘ ਜਲੰਧਰ ਵਾਲਿਆਂ ਵੱਲੋਂ ਇਸ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ 'ਤੇ ਅੱਜ ਬਾਬਾ ਭਗਵਾਨ ਸਿੰਘ ਦੇ ਹਮਾਇਤੀ ਕਰੀਬ 25-30 ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋ ਕੇ ਕਥਿਤ ਤੌਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਨ੍ਹਾਂ ਅਤੇ ਪਿੰਡ ਦੀ ਸੰਗਤ ਵੱਲੋਂ ਨਾਕਾਮ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੀ ਵਿਰਾਸਤ ਹੁਣ ਬਾਬਾ ਭਗਵਾਨ ਸਿੰਘ ਜਲੰਧਰ ਵਾਲਿਆਂ ਦੇ ਨਾਮ : ਦੂਜੀ ਧਿਰ
ਉਧਰ, ਦੂਸਰੀ ਧਿਰ ਨੇ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਦੀ ਵਿਰਾਸਤ ਬਾਬਾ ਦੀਦਾਰ ਸਿੰਘ ਦੀ ਮੌਤ ਤੋਂ ਬਾਬਾ ਭਗਵਾਨ ਸਿੰਘ ਜਲੰਧਰ ਵਾਲਿਆਂ ਦੇ ਨਾਮ 'ਤੇ ਚੜ੍ਹ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਧੀਆ ਢੰਗ ਦੀ ਬਣਾਉਣਾ ਚਾਹੁੰਦੇ ਹਨ ਪਰ ਮੌਕੇ 'ਤੇ ਗ੍ਰੰਥੀ ਭਾਈ ਸਤਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਇਹ ਨਹੀ ਬਣਾਉਣ ਦੇਣਾ ਚਾਹੁੰਦੇ, ਜਿਸ 'ਤੇ ਉਨ੍ਹਾਂ ਨੇ ਸੰਗਤ ਦੀ ਸਲਾਹ ਨਾਲ ਫੈਸਲਾ ਕੀਤਾ ਕਿ ਉਹ ਨਾਂ ਹੀ ਬਾਬਾ ਮਹਿੰਦਰ ਸਿੰਘ ਅਤੇ ਨਾਂ ਹੀ ਬਾਬਾ ਸਤਿੰਦਰ ਸਿੰਘ ਨੂੰ ਬਣਾਉਣ ਦੇਣਗੇ। ਇਸ ਦੀ ਉਸਾਰੀ ਦੀ ਸਾਰੀ ਸੇਵਾ ਪਿੰਡ ਵਾਸੀ ਨਿਭਾਉਣਗੇ। ਦੂਸਰੀ ਧਿਰ ਨੇ ਕਿਹਾ ਕਿ ਉਹ ਅੱਜ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸਨ।
ਪੁਲਿਸ ਵੱਲੋਂ ਦੋਹਾਂ ਧਿਰਾਂ ਨੂੰ ਭਰੋਸੇ 'ਚ ਲੈ ਕੇ ਸ਼ਾਂਤ ਕੀਤਾ ਮਾਮਲਾ
ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਇੰਦਰਜੀਤ ਸਿੰਘ ਨੇ ਕਿਹਾ ਕਿ ਗ੍ਰੰਥੀ ਸਿੰਘ ਸਤਿੰਦਰ ਸਿੰਘ ਅਤੇ ਸੰਗਤ ਵੱਲੋਂ ਦਰਖਾਸਤ ਪ੍ਰਾਪਤ ਹੋਈ ਹੈ। ਫਿਲਹਾਲ ਦੋਹਾਂ ਧਿਰਾਂ ਦੀ ਗੱਲਬਾਤ ਸੁਣੀ ਅਤੇ ਦੋਹਾਂ ਧਿਰਾਂ ਨੂੰ ਭਰੋਸੇ 'ਚ ਲੈ ਕੇ ਮਾਮਲਾ ਸ਼ਾਂਤ ਕੀਤਾ ਗਿਆ ਹੈ ਅਤੇ ਕਿਹਾ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਨਾਇਬ ਤਹਿਸੀਲਦਾਰ ਬੇਅੰਤ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣੀਆ ਹਨ ਅਤੇ ਮਾਲ ਰਿਕਾਰਡ ਨੂੰ ਖੰਗਾਲ ਕੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਰਿਪੋਰਟ ਦਿੱਤੀ ਜਾਵੇਗੀ, ਜਿਸ 'ਤੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਨਿਆਂ ਦੇਣ ਦੇ ਭਰੋਸੇ ਮਗਰੋ ਮਾਮਲਾ ਸ਼ਾਂਤ ਕੀਤਾ ਗਿਆ।