PTC News
Search

ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਚ ਮਾਹੌਲ ਤਣਾਅਪੂਰਨ, ਭਾਜਪਾ ਤੇ ਬਸਪਾ ਵਰਕਰ ਭਿੜੇ; ਵਿਜੇ ਸਾਂਪਲਾ ਹੋਏ ਜ਼ਖਮੀ

Punjab News: ਪਿੰਡ ਬਾੜੀਆਂ ਕਲਾਂ ਵਿੱਚ ਬੀਤੇ ਦਿਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਕਥਿਤ ਤੋੜਫੋੜ ਦੀ ਘਟਨਾ ਤੋਂ ਬਾਅਦ ਅੱਜ ਮਾਹੌਲ ਤਣਾਅਪੂਰਨ ਹੋ ਗਿਆ।

By  Amritpal Singh September 16th 2026 02:49 PM

Punjab News: ਪਿੰਡ ਬਾੜੀਆਂ ਕਲਾਂ ਵਿੱਚ ਬੀਤੇ ਦਿਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਕਥਿਤ ਤੋੜਫੋੜ ਦੀ ਘਟਨਾ ਤੋਂ ਬਾਅਦ ਅੱਜ ਮਾਹੌਲ ਤਣਾਅਪੂਰਨ ਹੋ ਗਿਆ। ਘਟਨਾ ਦਾ ਜਾਇਜ਼ਾ ਲੈਣ ਲਈ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਅਤੇ ਜਲੰਧਰ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਸਮੇਤ ਭਾਜਪਾ ਦੇ ਹੋਰ ਆਗੂ ਪਿੰਡ ਬਾੜੀਆਂ ਕਲਾਂ ਪਹੁੰਚੇ।

ਇਸ ਦੌਰਾਨ ਜਦੋਂ ਭਾਜਪਾ ਆਗੂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਉੱਥੇ ਮੌਜੂਦ ਕੁਝ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਇਸ ਮੌਕੇ ਵਿਜੇ ਸਾਂਪਲਾ ਵੱਲੋਂ ਮਾਈਕ ’ਤੇ ਆ ਕੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਗਈ।

ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਲਖੀ ਵਧ ਗਈ ਅਤੇ ਗੱਲਬਾਤ ਤੋਂ ਬਾਅਦ ਮਾਹੌਲ ਗਰਮਾ ਗਿਆ। ਵੇਖਦੇ ਹੀ ਵੇਖਦੇ ਭਾਜਪਾ ਅਤੇ ਬਸਪਾ ਨਾਲ ਸਬੰਧਤ ਆਗੂਆਂ ਤੇ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਖਿੱਚ-ਧੂਹ ਹੁੰਦੀ ਹੋਈ ਦੋਵੇਂ ਧਿਰਾਂ ਸਟੇਜ ਤੋਂ ਬਾਹਰ ਗਲੀ ਤੱਕ ਪਹੁੰਚ ਗਈਆਂ।

ਝੜਪ ਦੌਰਾਨ ਭਾਜਪਾ ਆਗੂ ਸ਼ੀਤਲ ਅੰਗੁਰਾਲ, ਵਿਜੇ ਸਾਂਪਲਾ ਅਤੇ ਉਨ੍ਹਾਂ ਦੇ ਪੁੱਤਰ ਸਾਹਿਲ ਸਾਂਪਲਾ ਨੂੰ ਸੱਟਾਂ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਦੋਵਾਂ ਧਿਰਾਂ ਨੂੰ ਵੱਖ ਕੀਤਾ।

ਪੁਲਿਸ ਵੱਲੋਂ ਦੋਵਾਂ ਧਿਰਾਂ ਦੇ ਆਗੂਆਂ ਅਤੇ ਵਰਕਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਘਟਨਾ ਸਬੰਧੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


ਮਾਮਲਾ ਕੀ ਹੈ

ਬਲਾਕ ਮਾਹਿਲਪੁਰ ਅਧੀਨ ਪੈਂਦੇ ਪਿੰਡ ਬਾੜੀਆਂ ਕਲਾਂ ਦੇ ਪਾਰਕ ਵਿੱਚ ਲੱਗੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਇੱਟਾਂ-ਰੋੜੇ ਮਾਰ ਕੇ ਨੁਕਸਾਨ ਪਹੁੰਚਾਇਆ ਗਿਆ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਲੋਕਾਂ ਅਤੇ ਦਲਿਤ ਜਥੇਬੰਦੀਆਂ ਵਿੱਚ ਭਾਰੀ ਰੋਸ ਫੈਲ ਗਿਆ। ਰੋਸ ਪ੍ਰਗਟ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ।

ਅਵਤਾਰ ਸਿੰਘ ਕਰੀਮਪੁਰੀ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਇਹ 12ਵੀਂ ਘਟਨਾ ਹੈ, ਪਰ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਪ੍ਰਤੀ ਪੂਰੀ ਤਰ੍ਹਾਂ ਲਾਪਰਵਾਹ ਬੈਠੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵਿਦੇਸ਼ਾਂ ਵਿੱਚ ਬੈਠੇ ਵਿਅਕਤੀ ਅਜਿਹੇ ਕਾਕਿਆਂ ਦੀ ਜ਼ਿੰਮੇਵਾਰੀ ਲੈ ਰਹੇ ਹਨ, ਤਾਂ ਸਰਕਾਰ ਦੀ ਚੁੱਪ ਬਹੁਤ ਮੰਦਭਾਗੀ ਹੈ।

ਇਸ ਮੌਕੇ ਪਿੰਡ ਦੀ ਸਰਪੰਚ ਬੀਬੀ ਮਨਜੀਤ ਕੌਰ, ਦਲਿਤ ਆਗੂ ਡਾ. ਅਜੇ ਮੱਲ ਅਤੇ ਬਸਪਾ ਹਲਕਾ ਆਗੂ ਪਲਵਿੰਦਰ ਮਾਨਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਥਾਣਾ ਚੱਬੇਵਾਲ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਬਾਵਾ ਸਾਬਕਾ ਸਰਪੰਚ, ਡਾ. ਰਾਮੇਸ਼, ਕਿਸ਼ਨ ਚੰਦ ਭਾਟੀਆ, ਚਮਨ ਲਾਲ ਟੂਟੋ ਮਜਾਰਾ, ਇੰਜ ਅਮਨਦੀਪ ਸਿੱਧੂ ਆਗੂ ਹਾਜ਼ਰ ਸਨ।


Related Post