ਸਕੂਲੀ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ, 14 ਬੱਚੇ ਜ਼ਖਮੀ

ਬਰਨਾਲਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ। ਹਾਦਸੇ ਵਿਚ 14 ਸਕੂਲੀ ਬੱਚੇ ਜ਼ਖਮੀ ਹੋਏ ਹਨ।

By  Amritpal Singh April 19th 2024 04:26 PM

Road Accident: ਬਰਨਾਲਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ। ਹਾਦਸੇ ਵਿਚ 14 ਸਕੂਲੀ ਬੱਚੇ ਜ਼ਖਮੀ ਹੋਏ ਹਨ। ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਹੈ। ਇਹ ਬੱਸ ਗ੍ਰੀਨ ਫੀਲਡ ਕਾਨਵੈਂਟ ਸਕੂਲ ਦਾਨਗੜ੍ਹ ਦੀ ਦੱਸੀ ਜਾ ਰਹੀ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਧਨੌਲਾ ਤੋਂ ਪਿੰਡ ਭੱਠਲ ਨੂੰ ਜਾਂਦੀ ਸੜਕ ਦੇ ਕੋਲ ਇੱਕ ਤੇਜ਼ ਰਫ਼ਤਾਰ ਸਕੂਲ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਬੱਸ ਡਰਾਈਵਰ ਅਤੇ ਮਹਿਲਾ ਹੈਲਪਰ ਸਮੇਤ ਕਰੀਬ 14 ਬੱਚੇ ਜ਼ਖ਼ਮੀ ਹੋ ਗਏ। ਬੱਸ ਡਰਾਈਵਰ ਨੇ ਦੱਸਿਆ ਕਿ ਉਹ ਗ੍ਰੀਨ ਫੀਲਡ ਸਕੂਲ ਦਾਨਗੜ੍ਹ ਦੀ ਬੱਸ ਚਲਾਉਂਦਾ ਹੈ। ਅੱਜ ਸਵੇਰੇ ਜਦੋਂ ਉਹ ਬੱਚਿਆਂ ਨਾਲ ਸਕੂਲ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਬੱਸ ਦੀ ਟੱਕਰ ਹੋ ਗਈ। ਉਸ ਨੇ ਦੱਸਿਆ ਕਿ 40 ਦੇ ਕਰੀਬ ਬੱਚੇ ਸਨ, ਪਰ ਜ਼ਖ਼ਮੀਆਂ ਬਾਰੇ ਉਸ ਨੂੰ ਕੁਝ ਨਹੀਂ ਪਤਾ। ਉਸ ਨੇ ਦੱਸਿਆ ਕਿ ਬੱਸ ਅਤੇ ਕੈਂਟਰ ਦੀ ਆਹਮੋ-ਸਾਹਮਣੀ ਟੱਕਰ ਹੋ ਗਈ।

ਇਸ ਸਬੰਧੀ ਚਸ਼ਮਦੀਦ ਨੇ ਦੱਸਿਆ ਕਿ ਬਠਿੰਡਾ ਚੰਡੀਗੜ੍ਹ ਰੋਡ ‘ਤੇ ਪਿੰਡ ਭੱਠਲ ਨੇੜੇ ਸਕੂਲ ਬੱਸ ਅਤੇ ਟਰੱਕ ਵਿਚਕਾਰ ਹਾਦਸਾ ਵਾਪਰ ਗਿਆ। ਉਸ ਨੇ ਦੱਸਿਆ ਕਿ ਸਕੂਲ ਬੱਸ ਦੀ ਰਫਤਾਰ ਤੇਜ਼ ਹੋਣ ਕਾਰਨ ਬੱਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਜਿਸ ਕਾਰਨ ਇਹ ਹਾਦਸਾ ਵਾਪਰਿਆ।

ਸਰਕਾਰੀ ਹਸਪਤਾਲ ਧਨੌਲਾ ਦੇ ਡਾਕਟਰ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਸਕੂਲੀ ਬੱਸ ਦਾ ਹਾਦਸਾ ਹੋਇਆ ਹੈ। ਜਿਸ ਵਿੱਚ ਕਈ ਬੱਚੇ ਅਤੇ ਸਟਾਫ਼ ਮੈਂਬਰ ਹਸਪਤਾਲ ਵਿੱਚ ਦਾਖ਼ਲ ਹਨ, ਜਿਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ।

Related Post