ਪੁੰਛ 'ਚ ਭਾਰਤੀ ਫੌਜ ਦੇ ਟਰੱਕ 'ਤੇ ਅੱਤਵਾਦੀ ਹਮਲਾ, ਕਈ ਜਵਾਨ ਜ਼ਖ਼ਮੀ

By  KRISHAN KUMAR SHARMA December 21st 2023 06:34 PM

ਜ਼ੰਮੂ-ਕਸ਼ਮੀਰ: ਪੁਣਛ ਜ਼ਿਲ੍ਹੇ ਵਿੱਚ ਭਾਰਤੀ ਫੌਜ 'ਤੇ ਟਰੱਕ 'ਤੇ ਅੱਤਵਾਦੀ ਹਮਲੇ ਦੀ ਸੂਚਨਾ ਹੈ। ਅੱਤਵਾਦੀ ਹਮਲੇ ਵਿੱਚ ਕਈ ਫੌਜੀ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ਵਾਲੀ ਥਾਂ ਨੇੜੇ ਫੌਜ ਦੇ ਅੱਤਵਾਦ ਵਿਰੋਧੀ ਅਪ੍ਰੇਸ਼ਨ ਵੀ ਚੱਲ ਰਿਹਾ ਸੀ।

ਅੱਤਵਾਦੀਆਂ ਵੱਲੋਂ ਇਹ ਹਮਲਾ ਸੁਰਨਕੋਟ ਤਹਿਸੀਲ ਵਿੱਚ ਬਫਲਿਆਜ਼ ਥਾਣਾ ਮੰਡੀ ਰੋਡ ਨਜ਼ਦੀਕ ਕੀਤਾ ਗਿਆ। ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਕਈ ਜਵਾਨ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਲਗਾਤਾਰ ਜਾਰੀ ਹੈ। ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੀ ਭਾਲ ਲਈ ਸਰਚ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਇਸ ਖੇਤਰ ਵਿੱਚ ਇਹ ਹਮਲਾ ਇੱਕ ਮਹੀਨੇ ਦੇ ਅੰਤਰਗਤ ਦੂਜਾ ਅੱਤਵਾਦੀ ਹਮਲਾ ਹੈ। ਪਿਛਲੇ ਮਹੀਨੇ ਰਾਜੌਰੀ ਦੇ ਕਾਲਾਕੋਟ ਵਿੱਚ ਫੌਜ ਅਤੇ ਇਸਦੇ ਵਿਸ਼ੇਸ਼ ਬਲਾਂ ਦੁਆਰਾ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਕਾਰਵਾਈ ਵਿੱਚ ਦੋ ਕੈਪਟਨਾਂ ਸਮੇਤ ਪੰਜ ਫੌਜੀ ਮਾਰੇ ਗਏ ਸਨ।

ਕਿਸ਼ਤਵਾੜ ਪੁਲਿਸ ਨੇ 18 ਸਾਲਾਂ ਤੋਂ ਭਗੌੜਾ ਸਾਬਕਾ ਅੱਤਵਾਦੀ ਕੀਤਾ ਗ੍ਰਿਫਤਾਰ

ਇਸ ਦੇ ਨਾਲ ਹੀ ਕਿਸ਼ਤਵਾੜ ਪੁਲਿਸ ਨੇ ਇੱਕ ਸਾਬਕਾ ਅੱਤਵਾਦੀ ਪਰਵੇਜ਼ ਅਹਿਮਦ ਉਰਫ ਹੈਰੀਸ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਜੋ ਪਿਛਲੇ 18 ਸਾਲਾਂ ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ 'ਤੇ ਭਰੋਸਾ ਕਰਦੇ ਹੋਏ, ਕਿਸ਼ਤਵਾੜ ਪੁਲਿਸ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਪਰਵੇਜ਼ ਅਹਿਮਦ ਖਾਂਡੇ ਦੀ ਅਗਵਾਈ ਵਿਚ ਕਿਸ਼ਤਵਾੜ ਪੁਲਿਸ ਸਟੇਸ਼ਨ ਦੀ ਇਕ ਸਮਰਪਿਤ ਪੁਲਿਸ ਟੀਮ ਨੇ ਸ਼ੱਕੀ ਟਿਕਾਣਿਆਂ 'ਤੇ ਤੁਰੰਤ ਅਤੇ ਨਿਸ਼ਾਨਾ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ।

Related Post