ਮੁੱਖ ਮੰਤਰੀ ਤੇ ਪੀਸੀਐਸ ਅਫਸਰ ਆਹਮੋ-ਸਾਹਮਣੇ, ਹੜਤਾਲ 'ਤੇ ਗਏ ਅਫ਼ਸਰਾਂ ਨੂੰ ਮੁਅੱਤਲ ਕਰਨ ਦੀ ਦਿੱਤੀ ਚਿਤਾਵਨੀ

By  Ravinder Singh January 11th 2023 10:41 AM -- Updated: January 11th 2023 11:57 AM

ਚੰਡੀਗੜ੍ਹ : ਪੀਸੀਐਸ ਅਫਸਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਨੂੰ ਲੈ ਕੇ ਪੀਸੀਐਸ ਅਫਸਰ ਤੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਆ ਗਏ ਹਨ। ਸੂਬਾ ਸਰਕਾਰ ਨਹੜਤਾਲ ਉਤੇ ਗਏ ਪੀਸੀਐਸ ਅਫਸਰਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ। ਮੁੱਖ ਮੰਤਰੀ ਨੇ ਹੜਤਾਲ ਉਤੇ ਗਏ ਅਫ਼ਸਰਾਂ ਨੂੰ ਚਿੱਠੀ ਲਿਖ ਕੇ ਅੱਜ 2 ਵਜੇ ਤੱਕ ਡਿਊਟੀ ਉਤੇ ਆਉਣ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਡਿਊਟੀ ਉਤੇ ਆਉਣ ਵਾਲੇ ਅਫਸਰਾਂ ਨੂੰ ਮੁਅੱਤਲ ਕਰਨ ਦੀ ਚਿਤਾਵਨੀ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਪੀਸੀਐਸ ਅਫਸਰਾਂ ਦੀ ਹੜਤਾਲ ਨੂੰ ਗੈਰਕਾਨੂੰਨੀ ਦੱਸਿਆ ਹੈ। ਚਿੱਠੀ ਵਿਚ ਲਿਖਿਆ ਗਿਆ ਹੈ ਕਿ ਸੂਬਾ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਖ਼ਿਲਾਫ਼ ਪੀਸੀਐਸ ਅਫਸਰਾਂ ਦੀ ਹੜਤਾਲ ਸਰਾਸਰ ਗਲਤ ਹੈ।


ਕਾਬਿਲੇਗੌਰ ਹੈ ਕਿ ਪੀਸੀਐਸ ਅਫਸਰਾਂ ਵੱਲੋਂ ਸਮੂਹਿਕ ਛੁੱਟੀ ਕਾਰਨ ਦਫਤਰਾਂ ਵਿਚ ਕੰਮਕਾਜ ਲਗਭਗ ਠੱਪ ਰਿਹਾ। ਦਫ਼ਤਰ ਬਿਲਕੁਲ ਸੁੰਨਸਾਨ ਨਜ਼ਰ ਆਏ। ਪੀਸੀਐਸ ਅਫ਼ਸਰਾਂ ਦੇ ਸਮੂਹਿਕ ਛੁੱਟੀ ਉਤੇ ਜਾਣ ਨਾਲ ਲੋਕਾਂ ਦੀ ਖੱਜਲ-ਖੁਆਰੀ ਹੋਈ ਤੇ ਬਹੁਤ ਸਾਰੇ ਲੋਕ ਬਿਨਾਂ ਕੰਮ ਕਰਵਾਏ ਵਾਪਸ ਜਾਂਦੇ ਦੇਖੇ ਗਏ।

ਵਿਜੀਲੈਂਸ ਬਿਊਰੋ ਵੱਲੋਂ ਆਰਟੀਏ ਨਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੀਸੀਐਸ ਐਸੋਸੀਏਸ਼ਨ ਵੱਲੋਂ ਵਿਰੋਧ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਕਾਰਨ ਸੂਬੇ ਭਰ ਵਿਚ ਪੀਸੀਐਸ ਅਧਿਕਾਰੀਆਂ ਨੇ 5 ਦਿਨਾਂ  ਲਈ ਸਮੂਹਿਕ ਛੁੱਟੀ ਦਾ ਐਲਾਨ ਕਰ ਦਿੱਤਾ ਸੀ।

ਪੰਜਾਬ ਦੇ ਮੁੱਖ ਮੰਤਰੀ ਦੀ ਚਿਤਾਵਨੀ ਤੋਂ ਬਾਅਦ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਤੇ ਪੀ ਸੀ ਐਸ ਅਫਸਰਾਂ ਨੇ ਹੰਗਾਮੀ ਮੀਟਿੰਗ ਸੱਦੀ। ਲੁਧਿਆਣਾ ਦੇ ਇਕ ਕਲੱਬ ਵਿਚ ਮੀਟਿੰਗ ਚੱਲ ਰਹੀ ਹੈ। ਵਟਸਐਪ ਰਾਹੀਂ ਮੁਲਾਜ਼ਮਾਂ ਅਤੇ ਪੀਸੀਐਸ ਅਫਸਰਾਂ ਦਰਮਿਆਨ ਅਗਲੀ ਰਣਨੀਤੀ ਉਲੀਕੀ ਜਾ ਰਹੀ ਹੈ। ਇਸ ਦੌਰਾਨ ਅਫ਼ਸਰਾਂ ਨੇ ਕਿਹਾ ਕਿ ਕਿ ਸਰਕਾਰ ਦੀ ਚਿਤਾਵਨੀ ਤੋਂ ਬਾਅਦ ਅਸੀਂ ਡਿਊਟੀ ਜੁਆਇਨ ਕੀਤੀ ਤਾਂ ਸਭ ਦੇ ਲਈ ਘਾਤਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਪਿੱਛੇ ਨਹੀਂ ਹਟਣਗੇ।


ਇਹ ਵੀ ਪੜ੍ਹੋ : ਗਣਤੰਤਰਤਾ ਦਿਵਸ ਮੌਕੇ ਬਠਿੰਡਾ 'ਚ ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਕੌਮੀ ਤਿਰੰਗਾ


Related Post