ਟਰੱਕ ਆਪ੍ਰੇਟਰਾਂ ਨੇ ਲਿਫਟਿੰਗ ਬੰਦ ਕਰਕੇ ਦਿੱਤਾ ਧਰਨਾ

By  Ravinder Singh October 30th 2022 12:15 PM

ਬਠਿੰਡਾ : ਟਰੱਕ ਆਪ੍ਰੇਟਰਾਂ ਨੂੰ ਭਾੜੇ ਦੇ ਪੂਰੇ ਪੈਸੇ ਨਾ ਮਿਲਣ ਕਾਰਨ ਅੱਜ ਟਰੱਕ ਆਪ੍ਰੇਟਰਾਂ ਨੇ ਲਿਫਟਿੰਗ ਦਾ ਕੰਮ ਬੰਦ ਕਰ ਦਿੱਤਾ ਅਤੇ ਟਰੱਕ ਯੂਨੀਅਨ ਰਾਮਾਂਮੰਡੀ ਦੇ ਵਿਹੜੇ ਵਿੱਚ ਧਰਨਾ ਦੇ ਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੱਕ ਆਪ੍ਰੇਰਟਰਾਂ ਨੇ ਕਿਹਾ ਕਿ ਠੇਕੇਦਾਰ ਵੱਲੋਂ ਝੋਨੇ ਤੇ ਕਣਕ ਦੀ ਲਿਫਟਿੰਗ ਲਈ ਜੋ ਟੈਂਡਰ ਤੈਅ ਕੀਤਾ ਗਿਆ ਹੈ, ਉਸ ਦੀ ਪੂਰੀ ਅਦਾਇਗੀ ਨਾ ਕਰਨ ਕਾਰਨ ਸਾਰੇ ਟਰੱਕ ਆਪ੍ਰੇਟਰਾਂ ਨੇ ਲਿਫਟਿੰਗ ਬੰਦ ਕਰ ਦਿੱਤੀ ਹੈ।


ਟਰੱਕ ਆਪ੍ਰੇਟਰਾਂ ਨੇ ਦੱਸਿਆ ਕਿ ਯੂਨੀਅਨ ਵਿੱਚ ਸਿਆਸੀ ਦਖ਼ਲਅੰਦਾਜ਼ੀ ਕਾਰਨ ਟਰੱਕ ਆਪ੍ਰੇਟਰ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਛਲੇ ਸੀਜ਼ਨ ਦੇ ਕਰੀਬ ਸਾਢੇ ਚਾਰ ਲੱਖ ਰੁਪਏ ਪਹਿਲਾਂ ਹੀ ਠੇਕੇਦਾਰ ਕੋਲ ਬਕਾਇਆ ਪਏ ਹਨ ਪਰ ਇਸ ਵਾਰ ਟੈਂਡਰ ਸਰਕਾਰ ਬਦਲਣ ਤੋਂ ਬਾਅਦ ਉਨ੍ਹਾਂ ਨੂੰ ਭਾੜਾ ਨਹੀਂ ਦਿੱਤਾ ਜਾ ਰਿਹਾ ਹੈ, ਜੋ ਠੇਕੇਦਾਰ ਵੱਲੋਂ ਟੈਂਡਰ ਅਨੁਸਾਰ ਬਹੁਤ ਘੱਟ ਰਕਮ ਦਿੱਤੀ ਜਾ ਰਹੀ ਹੈ, ਜਿਸ ਕਾਰਨ ਟਰੱਕਾਂ ਦੇ ਤੇਲ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ।

ਉਨ੍ਹਾਂ ਕਿਹਾ ਕਿ ਰਾਮਾ ਟਰੱਕ ਯੂਨੀਅਨ ਕੋਲ ਤਿੰਨ ਸੌ ਤੋਂ ਵੱਧ ਵਾਹਨ ਹਨ ਜੋ ਕਿ ਖ਼ਾਲੀ ਖੜ੍ਹੇ ਹਨ ਪਰ ਠੇਕੇਦਾਰ ਵੱਲੋਂ ਬਾਹਰੋਂ ਗੱਡੀਆਂ ਲਿਆ ਕੇ ਝੋਨੇ ਦੀ ਲਿਫਟਿੰਗ ਕਰਵਾਈ ਜਾ ਰਹੀ ਹੈ। ਟਰੱਕ ਆਪ੍ਰੇਟਰਾਂ ਨੇ ਦੋਸ਼ ਲਗਾਇਆ ਕਿ ਟਰੱਕ ਯੂਨੀਅਨ ਦੇ 2 ਮੈਂਬਰਾਂ ਨੇ ਦੀਵਾਲੀ ਉਤੇ ਉਨ੍ਹਾਂ ਕੋਲੋਂ 500 ਪ੍ਰਤੀ ਟਰੱਕ ਇਕੱਠੇ ਕੀਤੇ ਹਨ ਜੋ ਕਿ ਉਨ੍ਹਾਂ ਨੂੰ ਦੱਸਿਆ ਕਿ ਇਹ ਅਧਿਕਾਰੀਆਂ ਨੂੰ ਦੀਵਾਲੀ ਵੰਡਣੀ ਹੈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇ ਟਰੱਕ ਆਪ੍ਰੇਟਰਾਂ ਨੂੰ ਟੈਂਡਰ ਅਨੁਸਾਰ ਭਾੜੇ ਦੀ ਅਦਾਇਗੀ ਨਹੀਂ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।


ਇਹ ਵੀ ਪੜ੍ਹੋ :  ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਪੁਲਿਸ ਨੂੰ ਸਵਾਲਾਂ ਦੇ ਕਟਹਿਰੇ 'ਚ ਕੀਤਾ ਖੜ੍ਹਾ



Related Post