ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਹੋਵੇਗਾ ਸ਼ੁਰੂ, ਸਰਕਾਰ ਨੂੰ ਘੇਰੇਗੀ ਵਿਰੋਧੀ ਧਿਰ

By  Ravinder Singh December 7th 2022 11:17 AM

ਨਵੀਂ ਦਿੱਲੀ : ਪਾਰਲੀਮੈਂਟ ਵਿਚ ਅੱਜ ਤੋਂ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ। ਸੈਸ਼ਨ ਵਿਚ ਵਿਰੋਧੀ ਧਿਰ ਵੱਖ-ਵੱਖ ਮੁੱਦਿਆਂ ਉਤੇ ਸਰਕਾਰ ਨੂੰ ਘੇਰਨ ਲਈ ਤਿਆਰ ਹੈ। ਮਹਿੰਗਾਈ, ਸਰਕਾਰੀ ਏਜੰਸੀਆਂ ਦੀ ਦੁਰਵਰਤੋਂ, ਭਾਰਤ-ਚੀਨ ਸਰਹੱਦ ਸਣੇ ਕਈ ਮੁੱਦਿਆਂ ਉਪਰ ਕੇਂਦਰ ਸਰਕਾਰ ਨੂੰ ਘੇਰਨ ਦੀ ਵਿਉਂਤਬੰਦੀ ਹੈ। ਸੂਤਰਾਂ ਮੁਤਾਬਕ ਟੀਐਮਸੀ ਨੇਤਾ ਡੇਰੇਕ ਓ ਬ੍ਰਾਇਨ ਨੇ ਮਹਿੰਗਾਈ, ਬੇਰੁਜ਼ਗਾਰੀ, ਏਜੰਸੀਆਂ ਦੀ ਕਥਿਤ ਦੁਰਵਰਤੋਂ ਅਤੇ ਰਾਜਾਂ ਦੀਆਂ ਆਰਥਿਕ ਸਮੱਸਿਆਵਾਂ 'ਤੇ ਚਰਚਾ ਦੀ ਮੰਗ ਕੀਤੀ।


ਟੀਐਮਸੀ ਨੇਤਾ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਵਿਰੋਧੀ ਧਿਰ ਨੂੰ ਮਹੱਤਵਪੂਰਨ ਮੁੱਦੇ ਉਠਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 29 ਦਸੰਬਰ ਤੱਕ ਚੱਲੇਗਾ, ਜਿਸ ਵਿੱਚ 23 ਦਿਨਾਂ ਵਿੱਚ 17 ਬੈਠਕਾਂ ਹੋਣਗੀਆਂ। ਬੀਤੇ ਦਿਨ ਕੇਂਦਰ ਸਰਕਾਰ ਨੇ ਸਰਬ ਪਾਰਟੀ ਦੀ ਮੀਟਿੰਗ ਬੁਲਾਈ ਤੇ ਵੱਖ-ਵੱਖ ਮੁੱਦਿਆਂ ਵਿਚਾਰਾਂ ਕੀਤੀਆਂ ਗਈਆਂ ਸਨ। ਸਰਕਾਰ ਇਸ ਸੈਸ਼ਨ ਵਿਚ 16 ਨਵੇਂ ਬਿੱਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਤੇ ਸਦਨ ਵਿਚ ਪੈਂਡਿੰਗ 8 ਬਿੱਲਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਵਿਰੋਧੀ ਧਿਰ ਨੇ 23 ਦਿਨਾਂ ਦੇ ਸੈਸ਼ਨ ਲਈ ਢੁੱਕਵਾਂ ਸਮਾਂ ਦੇਣ ਦੀ ਮੰਗ ਕੀਤੀ ਹੈ। ਸਰਕਾਰ ਦੀ ਵੱਲੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਭਰੋਸਾ ਦਿੱਤਾ ਕਿ ਸਰਕਾਰ ਹਰ ਮੁੱਦੇ ਉਪਰ ਚਰਚਾ ਲਈ ਤਿਆਰ ਹੈ ਤੇ ਸੰਸਦੀ ਮਰਿਆਦਾ ਤੇ ਅਨੁਸ਼ਾਸਨ ਨਾਲ ਚਰਚਾ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਝਗੜੇ ਦੌਰਾਨ ਇਕ ਨੌਜਵਾਨ ਨੇ ਦੂਜੇ ਨੌਜਵਾਨ ਦੀ ਦੰਦੀ ਮਾਰ ਵੱਢੀ ਜੀਭ

ਕਾਂਗਰਸ ਨੇ ਮਹਿੰਗਾਈ ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਮੁੱਦੇ ਉਪਰ ਚਰਚਾ ਦੀ ਮੰਗ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਰਕਾਰ ਨੂੰ ਹਿੰਦੂਆਂ ਤੇ ਮੁਸਲਮਾਨਾਂ ਦੇ ਤਿਉਹਾਰਾਂ ਦੇ ਨਾਲ-ਨਾਲ ਈਸਾਈਆਂ ਦੇ ਤਿਉਹਾਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਸੀ ਤੇ ਸੰਸਦ ਸੈਸ਼ਨ ਦੀ ਤਰੀਕ ਨਿਸ਼ਚਿਤ ਕਰਦੇ ਸਮੇਂ ਕ੍ਰਿਸਮਸ ਦੇ ਤਿਉਹਾਰ ਦਾ ਵੀ ਧਿਆਨ ਰੱਖਣਾ ਚਾਹੀਦਾ ਸੀ।

Related Post