ਗੱਡੀਆਂ ਉਪਰ ਕਿਸਾਨੀ ਝੰਡੇ ਲੱਗਾ ਕੇ ਸਰਕਾਰੀ ਲੱਕੜ ਚੋਰੀ ਕਰ ਰਹੇ 2 ਵਿਅਕਤੀ ਕਾਬੂ

By  Jasmeet Singh December 9th 2022 03:28 PM -- Updated: December 9th 2022 03:31 PM

ਯੋਗੇਸ਼, (ਹੁਸ਼ਿਆਰਪੁਰ, 9 ਦਸੰਬਰ): ਮੁਕੇਰੀਆਂ ਦੇ ਪਿੰਡ ਮਹਿਤਾਬਪੁਰ ਦੇ ਸਰਕਾਰੀ ਜੰਗਲ ਵਿਚੋਂ ਲੱਕੜ ਵੱਢ ਕੇ ਗੁਰਦਾਸਪੁਰ ਨੂੰ ਵੇਚਣ ਜਾ ਰਹੇ ਦੋ ਵਿਅਕਤੀਆਂ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਗੱਡੀਆਂ ਸਮੇਤ ਕਾਬੂ ਕੀਤਾ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਇਸ ਛਾਪੇ ਮਾਰੀ ਨੂੰ ਅੰਜਾਮ ਦਿੱਤਾ ਜਿਸਦੀ ਪੁਲਿਸ ਵੱਲੋਂ ਤਸਦੀਕ ਕੀਤੀ ਜਾ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਬੂ ਕੀਤੇ ਗਏ ਵਿਅਕਤੀ ਨੇ ਆਪਨੇ ਆਪ ਨੂੰ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦਾ ਆਗੂ ਦੱਸਦੇ ਹੋਏ ਕਿਹਾ ਕਿ ਮਹਿਤਾਬਪੁਰ ਰਕਬੇ ਵਿੱਚ 2017 ਤੋਂ ਆਬਾਦਕਾਰਾਂ ਦਾ ਕਬਜ਼ਾ ਹੈ ਅਤੇ ਹੁਣ ਸਰਕਾਰ ਦੇ ਦਬਾਅ ਦੇ ਚਲਦਿਆਂ ਜੰਗਲਾਤ ਵਿਭਾਗ ਨੇ ਉਹਨਾਂ ਦੀ ਨਾਲ ਲੱਗਦੀ 2 ਕਿਲ੍ਹੇ ਦੇ ਕਰੀਬ ਜ਼ਮੀਨ ਵਾਹ ਲਈ ਹੈ ਅਤੇ ਇਹ ਦਰਖ਼ਤ ਇਸ ਲਈ ਵੱਡੇ ਗਏ ਹਨ ਤਾਂ ਕਿ ਉਨ੍ਹਾਂ ਦੀ ਜ਼ਮੀਨ ਨੂੰ ਜਾਣ ਲਈ ਰਸਤਾ ਬਣ ਸਕੇ। ਇਸ ਲਈ ਸਰਕਾਰੀ ਦਰਖ਼ਤ ਵੱਡੇ ਗਏ ਹਨ। ਉਨ੍ਹਾਂ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਗੱਡੀਆਂ ਉਪਰ ਕਿਸਾਨੀ ਝੰਡੇ ਨਹੀਂ ਲਗਾਉਣੇ ਚਾਹੀਦੇ ਸਨ, ਇਹ ਝੰਡੇ ਉਗਰਾਹਾਂ ਜਥੇਬੰਦੀ ਦੇ ਹਨ ਜੋ ਗਲਤੀ ਨਾਲ ਲੱਗੇ ਹਨ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਦੇ ਰੇਂਜ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਹਿਤਾਬਪੁਰ ਦੇ ਸਰਕਾਰੀ ਜੰਗਲ਼ ਵਿੱਚੋਂ ਕੁਝ ਲੋਕ ਲੱਕੜ ਦੀ ਚੋਰੀ ਕਰ ਰਹੇ ਹਨ ਜਦ ਮੌਕੇ 'ਤੇ ਜਾ ਕੇ ਦੇਖਿਆ ਤਾਂ ਕੁਝ ਲੋਕ ਗੱਡੀਆਂ ਉਪਰ ਕਿਸਾਨੀ ਝੰਡੇ ਲੱਗਾ ਕੇ ਲੱਕੜ ਵੱਢ ਕੇ ਗੁਰਦਾਸਪੁਰ ਨੂੰ ਜਾ ਰਹੇ ਸਨ ਜਦ ਇਨ੍ਹਾਂ ਗੱਡੀਆਂ ਨੂੰ ਰੋਕਿਆ ਗਿਆ ਤਾਂ ਇਹਨਾਂ ਲੋਕਾਂ ਨੇ ਪਹਿਲਾਂ ਉਨ੍ਹਾਂ ਦੇ ਨਾਲ ਝਗੜਾ ਕੀਤਾ ਅਤੇ ਧੱਕਾ ਮੁੱਕੀ ਕੀਤੀ ਅਤੇ ਉਨ੍ਹਾਂ ਉਪਰ ਗੱਡੀ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ ਨੂੰ ਕਾਬੂ ਕੀਤਾ ਗਿਆ। 



ਇਹ ਵੀ ਪੜ੍ਹੋ: ਵਿਰਾਸਤੀ ਕਾਫ਼ਲੇ ਦੀ ਸ਼ੁਰੂਆਤ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਘੇਰੀ ਪੰਜਾਬ ਸਰਕਾਰ

ਉਨ੍ਹਾਂ ਦੱਸਿਆ ਕਿ ਮੌਕੇ ਤੋਂ ਦੋ ਵਿਅਕਤੀ ਫ਼ਰਾਰ ਹੋ ਗਏ ਅਤੇ ਦੋ ਵਿਅਕਤੀਆਂ ਨੂੰ ਗੱਡੀਆਂ ਸਮੇਤ ਫੜ ਕੇ ਥਾਣਾ ਸਿਟੀ ਗੁਰਦਾਸਪੁਰ ਲਿਆਂਦਾ ਗਿਆ ਹੈ, ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਸਰਕਾਰੀ ਜੰਗਲ ਵਿੱਚੋਂ ਸਰਕਾਰ ਦੀ ਲੱਕੜ ਚੋਰੀ ਕੀਤੀ ਹੈ ਅਤੇ ਇਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post