Two School Bus Accident News : ਦੋ ਸਕੂਲੀ ਬੱਸਾਂ ਹੋਈਆਂ ਭਿਆਨਕ ਹਾਦਸੇ ਦਾ ਸ਼ਿਕਾਰ, ਸੱਤ ਤੋਂ ਅੱਠ ਸਕੂਲੀ ਬੱਚੇ ਜ਼ਖਮੀ

ਮਿਲੀ ਜਾਣਕਾਰੀ ਮੁਤਾਬਿਕ ਇੱਕ ਬੱਸ ਬੱਚਿਆਂ ਨੂੰ ਸਕੂਲ ਲੈ ਜਾ ਰਹੀ ਸੀ, ਜਦਕਿ ਦੂਜੀ ਵਿਆਹ ਸਮਾਰੋਹ ਤੋਂ ਬੱਚਿਆਂ ਨੂੰ ਵਾਪਸ ਲਿਆ ਰਹੀ ਸੀ। ਜਿਵੇਂ ਹੀ ਦੋਵੇਂ ਵਾਹਨ ਲਖਨਮਾਜਰਾ-ਜੀਂਦ ਰੋਡ 'ਤੇ ਆਹਮੋ-ਸਾਹਮਣੇ ਹੋਏ, ਤੇਜ਼ ਰਫ਼ਤਾਰ ਕਾਰਨ ਇੱਕ ਭਿਆਨਕ ਟੱਕਰ ਹੋ ਗਈ।

By  Aarti December 1st 2025 12:37 PM

Two School Bus Accident News :  ਹਰਿਆਣਾ ਦੇ ਰੋਹਤਕ ਦੇ ਲਾਖਨਮਾਜਰਾ-ਜੀਂਦ ਰੋਡ 'ਤੇ ਦੋ ਸਕੂਲ ਬੱਸਾਂ ਆਪਸ ’ਚ ਭਿੜ ਗਈ ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ’ਚ 7 ਤੋਂ 8 ਸਕੂਲੀ ਬੱਚੇ ਜ਼ਖਮੀ ਹੋ ਗਏ। ਜਿਨ੍ਹਾਂ ਚੋਂ ਦੋ ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਪੀਜੀਆਈ ਰੋਹਤਕ ਵਿੱਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਇੱਕ ਬੱਸ ਬੱਚਿਆਂ ਨੂੰ ਸਕੂਲ ਲੈ ਜਾ ਰਹੀ ਸੀ, ਜਦਕਿ ਦੂਜੀ ਵਿਆਹ ਸਮਾਰੋਹ ਤੋਂ ਬੱਚਿਆਂ ਨੂੰ ਵਾਪਸ ਲਿਆ ਰਹੀ ਸੀ। ਜਿਵੇਂ ਹੀ ਦੋਵੇਂ ਵਾਹਨ ਲਖਨਮਾਜਰਾ-ਜੀਂਦ ਰੋਡ 'ਤੇ ਆਹਮੋ-ਸਾਹਮਣੇ ਹੋਏ, ਤੇਜ਼ ਰਫ਼ਤਾਰ ਕਾਰਨ ਇੱਕ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਬੱਸਾਂ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ’ਚ ਦੋਵੇਂ ਬੱਸਾਂ ਦੇ ਡਰਾਈਵਰ ਜ਼ਖਮੀ ਹੋ ਗਏ। 

ਹਾਦਸੇ ਤੋਂ ਤੁਰੰਤ ਬਾਅਦ, ਰਾਹਗੀਰਾਂ ਦੀ ਭੀੜ ਮੌਕੇ 'ਤੇ ਇਕੱਠੀ ਹੋ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ, ਬੱਚਿਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ, ਬੱਚਿਆਂ ਦੇ ਪਰਿਵਾਰ ਅਤੇ ਸਕੂਲ ਪ੍ਰਬੰਧਨ ਦੇ ਅਧਿਕਾਰੀ ਵੀ ਪੀਜੀਆਈ ਪਹੁੰਚੇ।

ਡਾਕਟਰਾਂ ਅਨੁਸਾਰ, ਦੋ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੋਵੇਂ ਬੱਸਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੇ ਅੰਦਾਜ਼ੇ ਤੋਂ ਪਤਾ ਚੱਲਦਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਹੋਇਆ ਹੈ, ਹਾਲਾਂਕਿ ਵਿਸਥਾਰਤ ਜਾਂਚ ਰਿਪੋਰਟ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਸਕੂਲ ਬੱਸਾਂ, ਰੂਟ ਪਰਮਿਟਾਂ ਅਤੇ ਡਰਾਈਵਰਾਂ ਦੀ ਫਿਟਨੈਸ ਦੀ ਜਾਂਚ ਕਰਨ ਲਈ ਸਖ਼ਤ ਕਦਮ ਚੁੱਕੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : Chandigarh ’ਚ ਨਹੀਂ ਬਣੇਗੀ ਹਰਿਆਣਾ ਦੀ ਵੱਖਰੀ ਵਿਧਾਨ ਸਭਾ ! ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦਾ ਪ੍ਰਸਤਾਵ ਕੀਤਾ ਰੱਦ

Related Post