Faridkot News : ਫੌਜੀ ਟਰੱਕ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ, ਟਿਊਸ਼ਨ ਪੜ੍ਹ ਕੇ ਆਉਂਦੇ ਦੋ ਨੌਜਵਾਨਾਂ ਦੀ ਮੌਤ

Faridkot News : ਦੋਵੇਂ ਨੌਜਵਾਨ ਜਦੋਂ ਫਰੀਦਕੋਟ-ਸਾਦਿਕ ਰੋਡ 'ਤੇ ਛਾਉਣੀ ਕੋਲ ਪੁੱਜੇ ਤਾਂ ਸਾਹਮਣੇ ਵਾਲੇ ਪਾਸੇ ਤੋਂ ਆ ਰਹੇ ਇੱਕ ਫੌਜੀ ਟਰੱਕ ਜੋ ਅਚਾਨਕ ਛਾਉਣੀ ਦੇ ਗੇਟ ਵੱਲ ਮੁੜ ਗਿਆ, ਜਿਸ ਕਾਰਨ ਦੋਨਾਂ ਨੌਜਵਾਨਾਂ ਦਾ ਮੋਟਰਸਾਈਕਲ ਫੌਜੀ ਟਰੱਕ ਦੀ ਲਪੇਟ ਵਿੱਚ ਆ ਗਿਆ।

By  KRISHAN KUMAR SHARMA February 17th 2026 03:44 PM -- Updated: February 17th 2026 03:51 PM

Faridkot News : ਫਰੀਦਕੋਟ ਸਾਦਿਕ ਰੋਡ 'ਤੇ ਦਰਦਨਾਕ ਹਾਦਸੇ (Accident) ਦੌਰਾਨ ਦੋ ਨੌਜਵਾਨ ਬੱਚਿਆਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਪਿੰਡ ਝੋਟੀਵਾਲਾ ਦੇ ਰਹਿਣ ਵਾਲੇ ਦੋ ਨੌਜਵਾਨ, ਜੋ 12ਵੀਂ ਕਲਾਸ ਦੇ ਵਿਦਿਆਰਥੀ (Student Dies) ਸਨ। ਇਹ ਦੋਵੇਂ ਨੌਜਵਾਨ ਦੇਰ ਸ਼ਾਮ ਫਰੀਦਕੋਟ ਤੋਂ ਟਿਊਸ਼ਨ ਪੜ੍ਹ ਮੋਟਰਸਾਈਕਲ 'ਤੇ ਵਾਪਿਸ ਆਪਣੇ ਪਿੰਡ ਜਾ ਰਹੇ ਸਨ।

ਇਸ ਦੌਰਾਨ ਜਦੋਂ ਉਹ ਫਰੀਦਕੋਟ-ਸਾਦਿਕ ਰੋਡ 'ਤੇ ਛਾਉਣੀ ਕੋਲ ਪੁੱਜੇ ਤਾਂ ਸਾਹਮਣੇ ਵਾਲੇ ਪਾਸੇ ਤੋਂ ਆ ਰਹੇ ਇੱਕ ਫੌਜੀ ਟਰੱਕ ਜੋ ਅਚਾਨਕ ਛਾਉਣੀ ਦੇ ਗੇਟ ਵੱਲ ਮੁੜ ਗਿਆ, ਜਿਸ ਕਾਰਨ ਦੋਨਾਂ ਨੌਜਵਾਨਾਂ ਦਾ ਮੋਟਰਸਾਈਕਲ ਫੌਜੀ ਟਰੱਕ ਦੀ ਲਪੇਟ ਵਿੱਚ ਆ ਗਿਆ। ਦੋਵੇਂ ਨੌਜਵਾਨ ਟਰੱਕ ਹੇਠ ਕੁਚਲੇ ਗਏ, ਜਿਸ ਕਾਰਨ ਦੋਨਾਂ ਦੀ ਮੌਤ ਹੋ ਗਈ। ਦੋਵੇਂ ਵਿਦਿਆਰਥੀਆਂ ਦੀ ਪਛਾਣ ਹਰਸਾਂਝ ਸਿੰਘ ਅਤੇ ਧੀਰਜ ਵੱਜੋਂ ਹੋਈ ਹੈ।

ਫਿਲਹਾਲ ਪੁਲਿਸ ਵੱਲੋਂ ਦੋਨਾਂ ਬੱਚਿਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਫੌਜੀ ਟਰੱਕ ਨੂੰ ਵੀ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਪਰਿਵਾਰਾਂ ਦੇ ਇਕਲੌਤੇ ਸਨ ਦੋਵੇਂ : ਸਰਪੰਚ

ਇਸ ਮੌਕੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਦੋਨੋਂ ਬੱਚੇ ਇਕੱਲੇ ਇਕੱਲੇ ਸਨ, ਜੋ ਕਿ ਫਰੀਦਕੋਟ ਤੋਂ ਟਿਊਸ਼ਨ ਪੜ੍ਹ ਕੇ ਵਾਪਸ ਪਿੰਡ ਜਾ ਰਹੇ ਸਨ। ਉਹਨਾਂ ਦੱਸਿਆ ਕਿ ਫੌਜੀ ਟਰੱਕ ਵਾਲੇ ਦੀ ਪੂਰੀ ਗਲਤੀ ਹੈ ਕਿਉਂਕਿ ਉਸਨੇ ਟਰੱਕ ਮੋੜਨ ਤੋਂ ਪਹਿਲਾਂ ਸਾਹਮਣੇ ਨਹੀਂ ਦੇਖਿਆ, ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ। ਉਹਨਾਂ ਕਿਹਾ ਕਿ ਪਰਿਵਾਰ ਇਸ ਵਕਤ ਬਹੁਤ ਜਿਆਦਾ ਸਦਮੇ ਵਿੱਚ ਹੈ ਕਿਉਂਕਿ ਉਹਨਾਂ ਦੇ ਦੋਹਾਂ ਘਰਾਂ ਦੇ ਇਕਲੌਤੇ ਬੱਚੇ ਸਨ, ਜਿਨਾਂ ਦੀ ਅੱਜ ਮੌਤ ਹੋ ਚੁੱਕੀ।

Related Post