US Deported Punjabi : ਕੈਂਪਾਂ ਦੇ ਕਮਰਿਆਂ ਚ ਠੰਡੀ ਹਵਾ ਛੱਡ, ਕੱਪੜੇ ਉਤਰਵਾ ਲੈਂਦੇ ਸੀ ਜਸਵਿੰਦਰ ਸਿੰਘ ਨੇ ਸੁਣਾਈ ਦਾਸਤਾਨ, ਫੁੱਟ-ਫੁੱਟ ਕੇ ਰੋ-ਰੋ ਪਿਆ ਪਿਤਾ
US Deported Indians Story : ਯੂਐਸ ਦੀ ਗ਼ੈਰ-ਕਾਨੂੰਨੀ ਭਾਰਤੀਆਂ ਖਿਲਾਫ਼ ਇਸ ਕਾਰਵਾਈ ਨੇ ਕਈ ਘਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਅਜਿਹਾ ਹੀ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਵਾਪਸ ਪਰਤੇ ਪਿੰਡ ਪੰਡੋਰੀ ਅਰਾਈਆ ਦੇ ਨੌਜਵਾਨ ਜਸਵਿੰਦਰ ਸਿੰਘ ਨਾਲ ਵਾਪਰਿਆ।
US Deported 112 Indians : ਅਮਰੀਕਾ ਵੱਲੋਂ ਡਿਪੋਰਟ ਕੀਤੇ ਪੰਜਾਬੀਆਂ ਨੌਜਵਾਨਾਂ ਦੇ ਮਾਪਿਆਂ ਦੇ ਹੰਝੂ ਨਹੀਂ ਰੁਕ ਰਹੇ। ਯੂਐਸ ਦੀ ਗ਼ੈਰ-ਕਾਨੂੰਨੀ ਭਾਰਤੀਆਂ ਖਿਲਾਫ਼ ਇਸ ਕਾਰਵਾਈ ਨੇ ਕਈ ਘਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਅਜਿਹਾ ਹੀ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਵਾਪਸ ਪਰਤੇ ਪਿੰਡ ਪੰਡੋਰੀ ਅਰਾਈਆ ਦੇ ਨੌਜਵਾਨ ਜਸਵਿੰਦਰ ਸਿੰਘ ਨਾਲ ਵਾਪਰਿਆ। ਜਿਥੇ ਉਸ ਨੇ ਆਪਣੇ ਨਾਲ ਵਾਪਰੀ ਹਕੀਕਤ ਬਿਆਨ ਕੀਤੀ, ਉਥੇ ਪਿਤਾ ਦਾ ਦਰਦ ਵੀ ਅਸਹਿ ਹੈ।
''ਅਮਰੀਕਾ ਦੇ ਸੁਫਨਿਆਂ ਨੇ ਜ਼ਮੀਨ ਵੀ ਵਿਕਵਾ ਦਿੱਤੀ...''
ਕਰਜ਼ੇ ਦੀ ਮਾਰ ਥੱਲੇ ਦੱਬਿਆ ਪੀੜਤ ਜਸਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਅੱਖਾਂ ਵਿੱਚੋਂ ਹੰਝੂ ਨਹੀਂ ਰੋਕ ਸਕੇ ਅਤੇ ਭੁੱਬਾਂ ਮਾਰ ਮਾਰ ਕੇ ਰੋ ਪਿਆ। ਉਸ ਨੇ ਕਿਹਾ ਕਿ ਕਿਹਾ ਜਿਹੜੀ ਜ਼ਮੀਨ ਮੇਰੇ ਦਾਦੇ ਤੇ ਮੇਰੇ ਬਾਪ ਨੇ ਬੜੀ ਮੁਸਕਿਲ ਨਾਲ ਬਣਾ ਕੇ ਦਿੱਤੀ ਸੀ। ਅਮਰੀਕਾ ਦੇ ਸੁਫਨਿਆਂ ਨੇ ਉਹ ਜ਼ਮੀਨ ਵੀ ਵਿਕਾ ਦਿੱਤੀ ਅਤੇ ਹੁਣ ਰਹਿਣ ਲਈ ਘਰ ਵੀ ਨਹੀਂ ਬਚਿਆ।
ਜਸਵਿੰਦਰ ਦਾ ਪਿਤਾ ਫੁਟ-ਫੁਟ ਰੋਇਆ, ਉਸ ਨੇ ਕਿਹਾ ਕਿ ਸਾਡਾ ਸੱਭ ਕੁਝ ਲੁਟਿਆ ਗਿਆ, ਡੇਢ ਕਿਲਾ ਜ਼ਮੀਨ ਵੇਚਤੀ, ਘਰ ਗਹਿਣੇ ਰਖਤਾ ਅਤੇ ਰਿਸ਼ਤੇਦਾਰਾਂ ਤੋਂ ਜਿਹੜੇ ਪੈਸੇ ਫੜੇ ਉਹ ਵੱਖਰੇ। ਉਸ ਨੇ ਦੱਸਿਆ ਕਿ ਜਸਵਿੰਦਰ ਸਿੰਘ ਤਿੰਨ ਭਰਾ ਤੇ ਦੋ ਭੈਣਾਂ ਹਨ।
ਅਮਰੀਕਾ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਗਏ ਹਲਕਾ ਧਰਮਕੋਟ ਦੇ ਪਿੰਡ ਪੰਡੋਰੀ ਆਰੀਆ ਦੇ ਨੌਜਵਾਨ ਜਸਵਿੰਦਰ ਸਿੰਘ ਵੀ ਸੀ, ਜੋ ਕਿ ਸੁਨਹਿਰੇ ਭਵਿੱਖ ਦੀ ਆਸ ਲਗਾ ਕੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਵੀ ਅਮਰੀਕਾ ਵੱਲੋਂ ਡਿਪੋਰਟ ਕਰਨ ਤੇ ਖਾਲੀ ਹੱਥ ਆਪਣੇ ਪਿੰਡ ਵਾਪਸ ਪਰਤ ਆਇਆ। ਇਸ ਮੌਕੇ ਉਸ ਨੇ ਗੱਲਬਾਤ ਕਰਦੇ ਹੋਏ ਜਸਵਿੰਦਰ ਸਿੰਘ ਨੇ ਦੱਸਿਆ ਕਿ ਚੰਗੇ ਭਵਿੱਖ ਦੀ ਭਾਲ ਵਾਸਤੇ 24 ਦਸੰਬਰ ਨੂੰ ਅਮਰੀਕਾ ਗਿਆ ਸੀ।
ਜਸਵਿੰਦਰ ਨੇ ਦੱਸਿਆ ਕਿ 27 ਜਨਵਰੀ ਨੂੰ ਉਹ ਮੈਕਸੀਕੋ ਬਾਰਡਰ ਪਾਰ ਕੀਤਾ। ਇਸ ਤੋਂ ਪਹਿਲਾਂ ਇੱਕ ਕਿਸ਼ਤੀ ਵਿੱਚ 20 ਨੌਜਵਾਨ ਸਵਾਰ ਹੋ ਕੇ ਕਈ ਨਹਿਰਾਂ ਪਾਰ ਕੀਤੀਆਂ ਅਤੇ ਕਈ ਜੰਗਲਾਂ ਵਿੱਚ ਕਈ ਕਈ ਦਿਨ ਅਸੀਂ ਚੱਲੇ। ਉਹਨਾਂ ਕਿਹਾ ਕਿ ਜਦ ਸਾਨੂੰ ਕੈਂਪ ਵਿਚ ਰੱਖਿਆ ਗਿਆ ਤਾਂ ਉਥੇ ਕਮਰੇ ਵਿੱਚ ਠੰਡੀਆਂ ਹਵਾਵਾਂ ਛੱਡ ਦਿੱਤੀਆਂ ਜਾਂਦੀਆਂ ਸੀ ਅਤੇ ਸਾਡੇ ਕੱਪੜੇ ਵੀ ਲਵਾ ਦਿੱਤੇ ਜਾਂਦੇ ਸੀ।
ਉਸ ਨੇ ਦੱਸਿਆ ਕਿ ਉਹਨਾਂ ਦਾ ਤਕਰੀਬਨ 45 ਲੱਖ ਰੁਪਏ ਖਰਚਾ ਆ ਗਿਆ ਪ੍ਰੰਤੂ ਉਹਨਾਂ ਨੂੰ ਬਿਨਾਂ ਕੁਝ ਹੱਥ ਪੱਲੇ ਪਏ ਹੀ ਡੀਪੋਰਟ ਕਰਕੇ ਵਾਪਸ ਘਰ ਭੇਜ ਦਿੱਤਾ ਗਿਆ। ਜਸਵਿੰਦਰ ਦੇ ਵਾਪਸ ਆਉਣ 'ਤੇ ਉਸਦੇ ਮਾਤਾ-ਪਿਤਾ ਤੇ ਰਿਸ਼ਤੇਦਾਰਾਂ ਨੇ ਭਰੇ ਮਨ ਨਾਲ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਅਮਨ ਪੰਡੋਰੀ ਤੇ ਹੋਰ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਹਾਜ਼ਰ ਸਨ।