PTC News
Search
🔍 Search

US Diwali Protest: ਅਮਰੀਕਾ ਦੇ ਸੀਆਟਲ ਵਿੱਚ ਦੀਵਾਲੀ ਸਮਾਗਮ ’ਚ ਵਿਘਨ; ਰੂੜ੍ਹੀਵਾਦੀ ਕਾਰਕੁਨਾਂ ਵੱਲੋਂ ਹੰਗਾਮਾ

US Diwali Protest: ਅਮਰੀਕਾ ਦੇ ਸੀਆਟਲ ਵਿੱਚ ਦੀਵਾਲੀ ਦੇ ਸਮਾਗਮ ਦੌਰਾਨ ਰੂੜ੍ਹੀਵਾਦੀ ਕਾਰਕੁਨਾਂ ਦੇ ਇੱਕ ਸਮੂਹ ਨੇ ਖਾਸਾ ਹੰਗਾਮਾ ਕੀਤਾ।

By  Amritpal Singh November 8th 2026 03:00 PM

US Diwali Protest: ਅਮਰੀਕਾ ਦੇ ਸੀਆਟਲ ਵਿੱਚ ਦੀਵਾਲੀ ਦੇ ਸਮਾਗਮ ਦੌਰਾਨ ਰੂੜ੍ਹੀਵਾਦੀ  ਕਾਰਕੁਨਾਂ ਦੇ ਇੱਕ ਸਮੂਹ ਨੇ ਖਾਸਾ ਹੰਗਾਮਾ ਕੀਤਾ। ਜੈਕ ਲੈਂਗ ਦੀ ਅਗਵਾਈ ਹੇਠ ਆਏ ਇਨ੍ਹਾਂ ਕਾਰਕੁਨਾਂ ਨੇ ਭਾਰਤੀ ਮੂਲ ਦੇ ਲੋਕਾਂ ਅਤੇ ਹਿੰਦੂ ਭਾਈਚਾਰੇ ਖ਼ਿਲਾਫ਼ ਨਸਲੀ ਨਾਅਰਿਆਂ ਵਾਲੀਆਂ ਤਖ਼ਤੀਆਂ ਚੁੱਕ ਕੇ ਨਾਅਰੇਬਾਜ਼ੀ ਕੀਤੀ।  ਇਸ ਘਟਨਾ ਦੀ ਅਮਰੀਕੀ ਸੰਸਦ ਮੈਂਬਰਾਂ ਅਤੇ ਭਾਈਚਾਰੇ ਦੇ ਆਗੂਆਂ ਨੇ ਸਖ਼ਤ ਨਿਖੇਧੀ ਕੀਤੀ ਹੈ।


ਜੈਕ ਲੈਂਗ ਅਤੇ ਉਸ ਦੇ ਸਾਥੀ ਥੌਮਸ ਐਲਨ ਨੇ ਅਮਰੀਕੀ ਝੰਡਾ ਲਹਿਰਾਉਂਦਿਆਂ ਰੋਸ ਪ੍ਰਗਟਾਇਆ। ਉਨ੍ਹਾਂ ‘ਸਾਰੇ ਭਾਰਤੀਆਂ ਨੂੰ ਦੇਸ਼ ’ਚੋਂ ਕੱਢੋ’ ਅਤੇ ‘ਈਸਾਈਆਂ ਦੀ ਥਾਂ ਹਿੰਦੂਆਂ ਨੂੰ ਵਸਾਉਣਾ ਬੰਦ ਕਰੋ’ ਵਰਗੇ ਨਾਅਰੇ ਵਾਲੀਆਂ ਤਖਤੀਆਂ ਦਿਖਾਈਆਂ।

ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਮੰਚ ’ਤੇ ਨਾਚ ਦੀ ਪੇਸ਼ਕਾਰੀ ਚੱਲ ਰਹੀ ਸੀ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਹੰਗਾਮਾ ਕਰਨ ਵਾਲੇ ਕਾਰਕੁਨਾਂ ਨੂੰ ਛੇਤੀ ਹੀ ਸਮਾਗਮ ਵਾਲੀ ਥਾਂ ਤੋਂ ਬਾਹਰ ਕੱਢ ਦਿੱਤਾ ਗਿਆ।


ਸੰਸਦ ਮੈਂਬਰ ਪ੍ਰਮੀਲਾ ਜੈਪਾਲ ਨੇ ਨਸਲੀ ਹਰਕਤ ਕਰਾਰ ਦਿੱਤਾ

ਇਹ ਘਟਨਾ ਸੀਏਟਲ ਸੈਂਟਰ ਆਰਮਰੀ ਵਿੱਚ ਹੋਏ ਦੀਵਾਲੀ ਸਮਾਗਮ ਦੌਰਾਨ ਵਾਪਰੀ, ਜੋ ਸੀਆਟਲ ਸੈਂਟਰ ਫੈਸਟਲ ਦਾ ਹਿੱਸਾ ਸੀ। ਇਥੇ ਸਾਲਾਨਾ 25 ਸੱਭਿਆਚਾਰਕ ਮੇਲੇ ਹੁੰਦੇ ਹਨ ਜਿਨ੍ਹਾਂ ਵਿੱਚ ਹਰ ਸਾਲ ਕਰੀਬ ਚਾਰ ਲੱਖ ਲੋਕ ਸ਼ਾਮਲ ਹੁੰਦੇ ਹਨ।


ਅਮਰੀਕੀ ਸੰਸਦ ਮੈਂਬਰ ਪ੍ਰਮੀਲਾ ਜੈਪਾਲ ਨੇ ਇਸ ਘਟਨਾ ’ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਬੇਹੱਦ ਘਟੀਆ ਅਤੇ ਨਸਲਵਾਦੀ ਹਰਕਤ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਇੱਕ ਮਹੱਤਵਪੂਰਨ ਤਿਉਹਾਰ ਹੈ ਅਤੇ ਭਾਈਚਾਰੇ ਦੇ ਲੋਕਾਂ ਨੂੰ ਇਸ ਨੂੰ ਸੁਰੱਖਿਅਤ ਮਾਹੌਲ ਵਿੱਚ ਮਨਾਉਣ ਦਾ ਹੱਕ ਹੈ। ਨਫ਼ਰਤ ਫੈਲਾਉਣ ਵਾਲੀ ਅਜਿਹੀ ਹਰਕਤ ਦੀ ਉਨ੍ਹਾਂ ਦੇ ਸ਼ਹਿਰ ਅਤੇ ਦੇਸ਼ ਵਿੱਚ ਕੋਈ ਥਾਂ ਨਹੀਂ ਹੈ।


ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ

ਵ੍ਹਾਈਟ ਹਾਊਸ ਦੇ ਸਾਬਕਾ ਸਲਾਹਕਾਰ ਅਜੈ ਜੈਨ ਭੂਟੋਰੀਆ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਿੰਦੂ ਅਮਰੀਕੀਆਂ ਅਤੇ ਭਾਰਤੀ ਪਰਵਾਸੀਆਂ ਨੂੰ ਨਸਲੀ ਗਾਲ੍ਹਾਂ ਕੱਢ ਕੇ ਨਿਸ਼ਾਨਾ ਬਣਾਉਣਾ ਅਤੇ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ੀ ਬਿਆਨਬਾਜ਼ੀ ਕਰਨਾ ਬਿਲਕੁਲ ਗ਼ਲਤ ਹੈ। ਹਰ ਅਮਰੀਕੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਤਿਉਹਾਰ ਆਜ਼ਾਦੀ ਨਾਲ ਮਨਾਉਣ ਦਾ ਹੱਕ ਹੈ।


ਇਹ ਘਟਨਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਓਵਲ ਦਫ਼ਤਰ ਵਿੱਚ ਰਵਾਇਤੀ ਦੀਵਾ ਜਗਾਉਣ ਅਤੇ ਵਾਸ਼ਿੰਗਟਨ ਦੇ ਗਵਰਨਰ ਬੌਬ ਫਰਗੂਸਨ ਵੱਲੋਂ ਸੀਏਟਲ ਸਥਿਤ ਭਾਰਤੀ ਕੌਂਸਲੇਟ ਵਿੱਚ ਦੀਵਾਲੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਵਾਪਰੀ।


ਗਵਰਨਰ ਫਰਗੂਸਨ ਨੇ ਕਿਹਾ ਕਿ ਵਾਸ਼ਿੰਗਟਨ ਸੂਬੇ ਨੂੰ ਮਾਣ ਹੈ ਕਿ ਇੱਥੇ ਅਮਰੀਕਾ ਦੇ ਸਭ ਤੋਂ ਵੱਡੇ ਭਾਰਤੀ-ਅਮਰੀਕੀ ਭਾਈਚਾਰਿਆਂ ਵਿੱਚੋਂ ਇੱਕ ਵੱਸਦਾ ਹੈ। ਪਿਛਲੇ ਦਹਾਕੇ ਦੌਰਾਨ ਇਸ ਸੂਬੇ ਵਿੱਚ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਦੀ ਆਬਾਦੀ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵਧੀ ਹੈ ਅਤੇ ਇਸ ਭਾਈਚਾਰੇ ਨੇ ਸੂਬੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ।

Related Post