US-Iran-Israel war: ਈਰਾਨ ਕੋਲ ਕਿਹੜੇ- ਕਿਹੜੇ ਹਨ ਹਥਿਆਰ; ਮਿਜ਼ਾਈਲਾਂ, ਡਰੋਨ ਕਿੰਨੀ ਤੈਅ ਕਰ ਸਕਦੇ ਹਨ ਦੂਰੀ, ਇੱਥੇ ਪੜ੍ਹੋ

ਹਮਲਿਆਂ ਮਗਰੋਂ ਇਰਾਨ ਨੇ ਤੁਰੰਤ ਬਦਲਾ ਲੈਣ ਦਾ ਐਲਾਨ ਕੀਤਾ। ਇਰਾਨੀ ਆਗੂਆਂ ਦਾ ਕਹਿਣਾ ਹੈ ਕਿ ਉਹ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਜ਼ਰਾਈਲੀ ਅਤੇ ਅਮਰੀਕੀ ਸਬੰਧਿਤ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਖਾਸ ਕਰਕੇ ਉਹ ਗਲਫ਼ ਦੇਸ਼ ਜਿੱਥੇ ਅਮਰੀਕੀ ਫੌਜ ਤੈਨਾਤ ਹੈ।

By  Aarti March 2nd 2026 02:32 PM

US-Iran-Israel war:  ਮੱਧ ਪੂਰਬ ’ਚ ਹਾਲਾਤ ਬੇਹੱਦ ਹੀ ਤਣਾਅਪੂਰਨ ਬਣੇ ਹੋਏ ਹਨ। ਸੰਯੁਕਤ ਰਾਜ ਅਮਰੀਕਾ ਅਤੇ ਇਸਰਾਈਲ ਵੱਲੋਂ ਸਾਂਝੇ ਤੌਰੇ ’ਤੇ ਈਰਾਨ ’ਤੇ ਹਮਲੇ ਕੀਤੇ ਜਾ ਰਹੇ ਹਨ, ਇਨ੍ਹਾਂ ਹਮਲਿਆਂ ਦੌਰਾਨ ਇਰਾਨ ਦੇ ਸਰਵੋੱਚ ਆਗੂ Ayatollah Ali Khamenei ਅਤੇ ਕਈ ਉੱਚ ਅਧਿਕਾਰੀ ਮਾਰੇ ਜਾਣ ਦੀ ਖ਼ਬਰ ਹੈ।

ਹਮਲਿਆਂ ਮਗਰੋਂ ਇਰਾਨ ਨੇ ਤੁਰੰਤ ਬਦਲਾ ਲੈਣ ਦਾ ਐਲਾਨ ਕੀਤਾ। ਇਰਾਨੀ ਆਗੂਆਂ ਦਾ ਕਹਿਣਾ ਹੈ ਕਿ ਉਹ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਜ਼ਰਾਈਲੀ ਅਤੇ ਅਮਰੀਕੀ ਸਬੰਧਿਤ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਖਾਸ ਕਰਕੇ ਉਹ ਗਲਫ਼ ਦੇਸ਼ ਜਿੱਥੇ ਅਮਰੀਕੀ ਫੌਜ ਤੈਨਾਤ ਹੈ।

ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਕਿ ਖਾਮਨੇਈ ਦੀ ਮੌਤ ਦਾ ਬਦਲਾ ਲੈਣਾ ਇਰਾਨ ਦਾ “ਫਰਜ਼ ਅਤੇ ਕਾਨੂੰਨੀ ਹੱਕ” ਹੈ। ਇਰਾਨੀ ਅਧਿਕਾਰੀਆਂ ਦੇ ਮੁਤਾਬਕ ਇਹ ਸਿਰਫ਼ ਇੱਕ ਆਮ ਟਕਰਾਅ ਨਹੀਂ, ਬਲਕਿ ਉਨ੍ਹਾਂ ਦੀ ਸਰਕਾਰ ਦੀ ਹੋਂਦ ਦੇ ਨਾਲ ਜੁੜਿਆ ਮਾਮਲਾ ਹੈ।

ਕਿਉਂ ਹੋਏ ਹਾਲਾਤ ਗੰਭੀਰ ? 

ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਦੀ ਸਥਿਤੀ ਪਿਛਲੇ ਤਣਾਅ ਵਾਲੀ ਸਥਿਤੀ ਤੋਂ ਵੱਖਰੀ ਹੈ। ਇਰਾਨ ਨੂੰ ਲੱਗਦਾ ਹੈ ਕਿ ਜੇਕਰ ਉਹ ਸਖ਼ਤ ਜਵਾਬ ਨਹੀਂ ਦੇਵੇਂਗਾ ਤਾਂ ਉਹ ਕਮਜ਼ੋਰ ਦਿਖਾਈ ਦੇ ਸਕਦਾ ਹੈ ਅਤੇ ਹੋਰ ਹਮਲਿਆਂ ਨੂੰ ਸੱਦਾ ਦੇ ਸਕਦਾ ਹੈ। ਇਸ ਕਾਰਨ ਤੇਹਰਾਨ ਸੀਮਿਤ ਕਾਰਵਾਈ ਦੀ ਬਜਾਏ ਹਮਲੇ ਜਾਰੀ ਰੱਖ ਸਕਦਾ ਹੈ।

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਟਕਰਾਅ ਛੋਟੇ ਸਮੇਂ ਦੀ ਜਵਾਬੀ ਕਾਰਵਾਈ ਤੱਕ ਸੀਮਿਤ ਰਹੇਗਾ ਜਾਂ ਇੱਕ ਲੰਬੀ ਅਤੇ ਖ਼ਤਰਨਾਕ ਜੰਗ ਦਾ ਰੂਪ ਧਾਰ ਸਕਦਾ ਹੈ। 

ਇਰਾਨ ਦੀ ਮਿਸਾਈਲ ਤਾਕਤ

ਹੁਣ ਤੁਹਾਨੂੰ ਇਰਾਨ ਦੀ ਮਿਸਾਇਲ ਤਾਕਤਾਂ ਸਬੰਧੀ ਜਾਣਕਾਰੀ ਦਿੰਦੇ ਹਾਂ। ਦੱਸ ਦਈਏ ਕਿ ਇਰਾਨ ਕੋਲ ਮੱਧ ਪੂਰਬ ਦੇ ਸਭ ਤੋਂ ਵੱਡੇ ਮਿਸਾਈਲ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਉਸ ਦੀ ਹਵਾਈ ਫੌਜ ਪੁਰਾਣੇ ਜਹਾਜ਼ਾਂ ‘ਤੇ ਨਿਰਭਰ ਹੋਣ ਕਰਕੇ ਦੇਸ਼ ਮਿਸਾਈਲਾਂ ਅਤੇ ਡਰੋਨਾਂ ‘ਤੇ ਵੱਧ ਭਰੋਸਾ ਕਰਦਾ ਹੈ। ਕੁਝ ਲੰਬੀ ਦੂਰੀ ਵਾਲੀਆਂ ਮਿਸਾਈਲਾਂ ਲਗਭਗ 2,500 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਰੱਖਦੀਆਂ ਹਨ, ਜਿਸ ਨਾਲ ਇਸਰਾਈਲ ਅਤੇ ਗਲਫ਼ ਦੇਸ਼ਾਂ ਵਿੱਚ ਮੌਜੂਦ ਅਮਰੀਕੀ ਫੌਜੀ ਅੱਡੇ ਨਿਸ਼ਾਨੇ ‘ਤੇ ਆ ਸਕਦੇ ਹਨ। ਹਾਲਾਂਕਿ ਇਹ ਮਿਸਾਈਲਾਂ ਅਮਰੀਕਾ ਦੀ ਮੁੱਖ ਭੂਮੀ ਤੱਕ ਨਹੀਂ ਪਹੁੰਚ ਸਕਦੀਆਂ।

ਇਸ ਤੋਂ ਇਲਾਵਾ ਇਰਾਨ ਕੋਲ ਛੋਟੀ ਦੂਰੀ ਦੀਆਂ ਮਿਸਾਈਲਾਂ ਵੀ ਹਨ, ਜੋ ਨੇੜਲੇ ਫੌਜੀ ਨਿਸ਼ਾਨਿਆਂ ‘ਤੇ ਤੁਰੰਤ ਹਮਲਿਆਂ ਲਈ ਵਰਤੀਆਂ ਜਾਂਦੀਆਂ ਹਨ। 2020 ਵਿੱਚ, ਅਮਰੀਕਾ ਵੱਲੋਂ ਜਨਰਲ Qassem Soleimani ਨੂੰ ਮਾਰਨ ਤੋਂ ਬਾਅਦ, ਇਰਾਨ ਨੇ ਇਰਾਕ ਦੇ Ain al-Assad Airbase ‘ਤੇ ਮਿਸਾਈਲ ਹਮਲਾ ਕੀਤਾ ਸੀ, ਜਿਸ ਵਿੱਚ 100 ਤੋਂ ਵੱਧ ਅਮਰੀਕੀ ਸੈਨਿਕ ਜ਼ਖ਼ਮੀ ਹੋਏ ਸਨ।

ਮੱਧ ਦੂਰੀ ਦੀਆਂ ਮਿਸਾਈਲਾਂ ਇਰਾਨ ਨੂੰ ਖੇਤਰ ਦੇ ਅੰਦਰ ਹੋਰ ਡੂੰਘੇ ਨਿਸ਼ਾਨਿਆਂ ‘ਤੇ ਹਮਲਾ ਕਰਨ ਦੀ ਸਮਰੱਥਾ ਦਿੰਦੀਆਂ ਹਨ, ਜਿਸ ਵਿੱਚ ਇਸਰਾਈਲ ਅਤੇ ਕਤਰ, ਬਹਿਰੀਨ, ਕੂਵੈਤ, ਸਾਊਦੀ ਅਰਬ ਅਤੇ ਯੂਏਈ ਵਿੱਚ ਅਮਰੀਕੀ ਅੱਡੇ ਸ਼ਾਮਲ ਹਨ।

ਡਰੋਨ ਅਤੇ ਕ੍ਰੂਜ਼ ਮਿਸਾਈਲ

ਇਰਾਨ ਕ੍ਰੂਜ਼ ਮਿਸਾਈਲਾਂ ਅਤੇ ਡਰੋਨਾਂ ਦੀ ਵੀ ਵਰਤੋਂ ਕਰਦਾ ਹੈ। ਕ੍ਰੂਜ਼ ਮਿਸਾਈਲਾਂ ਨੀਵੀਂ ਉਡਾਨ ਭਰਦੀਆਂ ਹਨ ਅਤੇ ਰਡਾਰ ਤੋਂ ਬਚਣਾ ਆਸਾਨ ਹੁੰਦਾ ਹੈ। ਡਰੋਨ ਹੌਲੀ ਗਤੀ ਨਾਲ ਚਲਦੇ ਹਨ ਪਰ ਸਸਤੇ ਹੁੰਦੇ ਹਨ ਅਤੇ ਵੱਡੀ ਗਿਣਤੀ ਵਿੱਚ ਲਾਂਚ ਕੀਤੇ ਜਾ ਸਕਦੇ ਹਨ। ਮਾਹਰਾਂ ਦੇ ਅਨੁਸਾਰ, ਇਰਾਨ ਇਕੱਠੇ ਡਰੋਨਾਂ ਅਤੇ ਮਿਸਾਈਲਾਂ ਦੀ ਲਹਿਰ ਵਰਤ ਕੇ ਵਿਰੋਧੀ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।

ਜ਼ਮੀਨ ਹੇਠਾਂ ਮਿਸਾਈਲ ਅੱਡੇ

ਇਰਾਨ ਨੇ ਜ਼ਮੀਨ ਹੇਠਾਂ ਸੁੰਗਰਾਂ ਅਤੇ ਗੁਪਤ ਮਿਸਾਈਲ ਸਟੋਰੇਜ ਸਾਈਟਾਂ ਤਿਆਰ ਕੀਤੀਆਂ ਹਨ, ਜਿਨ੍ਹਾਂ ਨੂੰ “ਮਿਸਾਈਲ ਸਿਟੀਜ਼” ਵੀ ਕਿਹਾ ਜਾਂਦਾ ਹੈ। ਇਹ ਅੱਡੇ ਵਿਰੋਧੀਆਂ ਲਈ ਇਰਾਨ ਦੀ ਮਿਸਾਈਲ ਸਮਰੱਥਾ ਨੂੰ ਤੁਰੰਤ ਨਸ਼ਟ ਕਰਨਾ ਮੁਸ਼ਕਲ ਬਣਾਉਂਦੇ ਹਨ। ਭਾਰੀ ਹਮਲਿਆਂ ਦੇ ਬਾਵਜੂਦ ਵੀ ਇਰਾਨ ਮਿਸਾਈਲ ਦਾਗਣ ਜਾਰੀ ਰੱਖ ਸਕਦਾ ਹੈ।

ਤੇਲ ਅਤੇ ਸਮੁੰਦਰੀ ਵਪਾਰ ‘ਤੇ ਖ਼ਤਰਾ

ਹੋਰ ਇੱਕ ਵੱਡੀ ਚਿੰਤਾ ਹੋਰਮੁਜ਼ ਜਲਡਮਰੂ ਹੈ। ਦੁਨੀਆ ਦੇ ਵੱਡੇ ਹਿੱਸੇ ਦਾ ਤੇਲ ਇਸ ਸੰਕਰੇ ਸਮੁੰਦਰੀ ਰਸਤੇ ਰਾਹੀਂ ਲੰਘਦਾ ਹੈ। ਇਰਾਨ ਮਿਸਾਈਲਾਂ, ਮਾਈਨਾਂ ਅਤੇ ਤੇਜ਼ ਰਫ਼ਤਾਰ ਕਸ਼ਤੀਆਂ ਰਾਹੀਂ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ।

ਭਾਵੇਂ ਉਹ ਪੂਰੀ ਤਰ੍ਹਾਂ ਇਸ ਰਸਤੇ ਨੂੰ ਬੰਦ ਨਾ ਵੀ ਕਰੇ, ਛੋਟੇ ਹਮਲੇ ਜਾਂ ਧਮਕੀਆਂ ਵੀ ਤੇਲ ਦੀਆਂ ਕੀਮਤਾਂ ਵਧਾ ਸਕਦੀਆਂ ਹਨ ਅਤੇ ਗਲੋਬਲ ਬਾਜ਼ਾਰਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਅਮਰੀਕੀ ਫੌਜੀ ਮੌਜੂਦਗੀ

ਅਮਰੀਕਾ ਨੇ ਗਲਫ਼ ਖੇਤਰ ਵਿੱਚ ਆਪਣੀ ਫੌਜੀ ਮੌਜੂਦਗੀ ਵਧਾਈ ਹੈ। ਜਿੱਥੇ ਇਹ ਕਦਮ ਰੱਖਿਆ ਮਜ਼ਬੂਤ ਕਰਦਾ ਹੈ, ਉੱਥੇ ਇਹ ਇਰਾਨ ਲਈ ਹੋਰ ਨਿਸ਼ਾਨੇ ਵੀ ਪੈਦਾ ਕਰਦਾ ਹੈ। ਅਮਰੀਕੀ ਫੌਜ ਵੱਖ-ਵੱਖ ਦੇਸ਼ਾਂ ਵਿੱਚ ਫੈਲੀ ਹੋਈ ਹੈ ਅਤੇ ਹਰ ਅੱਡੇ ਦੀ ਹਮੇਸ਼ਾ ਪੂਰੀ ਸੁਰੱਖਿਆ ਕਰਨਾ ਸੰਭਵ ਨਹੀਂ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਇਰਾਨ ਕੁਝ ਮਹੱਤਵਪੂਰਨ ਨਿਸ਼ਾਨਿਆਂ ‘ਤੇ ਸਫਲ ਹਮਲਾ ਕਰ ਲੈਂਦਾ ਹੈ ਤਾਂ ਵਾਸ਼ਿੰਗਟਨ ਅਤੇ ਪੂਰੇ ਖੇਤਰ ਵਿੱਚ ਦਬਾਅ ਵੱਧ ਸਕਦਾ ਹੈ।

ਹੁਣ ਅੱਗੇ ਕੀ ਹੋਵੇਗਾ ? 

ਇਰਾਨ ਨੇ ਸਪਸ਼ਟ ਕੀਤਾ ਹੈ ਕਿ ਉਹ ਇਸਨੂੰ ਸੀਮਿਤ ਟਕਰਾਅ ਨਹੀਂ ਮੰਨਦਾ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਰਾਨੀ ਧਰਤੀ ‘ਤੇ ਹੋਇਆ ਕੋਈ ਵੀ ਹਮਲਾ ਵੱਡੀ ਜੰਗ ਦਾ ਕਾਰਨ ਬਣ ਸਕਦਾ ਹੈ। ਇਰਾਨ ਨਾਲ ਜੁੜੀਆਂ ਸੰਸਥਾਵਾਂ, ਜਿਵੇਂ ਕਿ ਲੇਬਨਾਨ ਵਿੱਚ ਹਿਜਬੁੱਲਾਹ ਅਤੇ ਯਮਨ ਵਿੱਚ ਹੁਥੀ ਗਰੁੱਪ, ਨੇ ਵੀ ਖਾਮਨੇਈ ਦੀ ਹੱਤਿਆ ਦੀ ਨਿੰਦਾ ਕੀਤੀ ਹੈ ਅਤੇ ਟਕਰਾਅ ਵਿੱਚ ਸ਼ਾਮਲ ਹੋ ਸਕਦੇ ਹਨ।

ਫਿਲਹਾਲ ਪੂਰੀ ਦੁਨੀਆ ਦੀ ਨਜ਼ਰ ਇਸ ਖੇਤਰ ‘ਤੇ ਟਿਕੀ ਹੋਈ ਹੈ। ਜੇ ਦੋਵੇਂ ਪੱਖ ਹਮਲੇ ਜਾਰੀ ਰੱਖਦੇ ਹਨ ਤਾਂ ਇਹ ਸੰਘਰਸ਼ ਨਾ ਸਿਰਫ਼ ਮੱਧ ਪੂਰਬ, ਸਗੋਂ ਵਿਸ਼ਵ ਪੱਧਰੀ ਤੇਲ ਸਪਲਾਈ ਅਤੇ ਵਿੱਤੀ ਬਾਜ਼ਾਰਾਂ ‘ਤੇ ਵੀ ਗੰਭੀਰ ਅਸਰ ਪਾ ਸਕਦਾ ਹੈ।

ਇਹ ਵੀ ਪੜ੍ਹੋ : Israel-Iran War Live Updates : ਈਰਾਨ ਨੇ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਅਰਾਮਕੋ 'ਤੇ ਕੀਤਾ ਡਰੋਨ ਨਾਲ ਹਮਲਾ

Related Post